ਗੁਰਬਖਸ਼ਪੁਰੀ
ਤਰਨ ਤਾਰਨ, 24 ਜਨਵਰੀ
ਪਿਛਲੇ ਕਰੀਬ ਇਕ ਮਹੀਨੇ ਤੋਂ ਮੌਸਮ ਦੇ ਖਰਾਬ ਰਹਿਣ ਕਰਕੇ ਇਮਾਰਤ ਉਸਾਰੀ ਨਾਲ ਸਬੰਧਤ ਮਜ਼ਦੂਰਾਂ ਨੂੰ ਦਿਹਾੜੀ ਦੇ ਲਾਲੇ ਪਏ ਹੋਏ ਹਨ ਜਿਸ ਨਾਲ ਉਨ੍ਹਾਂ ਲਈ ਆਪਣੇ ਘਰਾਂ ਦੇ ਰੋਜ਼ਾਨਾਂ ਦੇ ਖਰਚ ਚਲਾਉਣੇ ਕਠਿਨ ਬਣ ਗਏ ਹਨ| ਇਥੋਂ ਦੀ ਮੁਰਾਦਪੁਰ ਰੋਡ ’ਤੇ ਪੁਰਾਣਾ ਸਿਟੀ ਥਾਣਾ ਨੇੜੇ ਦਿਹਾੜੀ ਉੱਤੇ ਲੈ ਕੇ ਜਾਣ ਵਾਲਿਆਂ ਦੀ ਉਡੀਕ ਕਰਦੇ ਮਜ਼ਦੂਰ ਜਸਬੀਰ ਸਿੰਘ ਕੈਰੋਂਵਾਲ, ਕਰਨੈਲ ਸਿੰਘ ਅਲਾਦੀਨਪੁਰ, ਸੁਖਦੇਵ ਸਿੰਘ ਢੋਟੀਆਂ, ਗੁਰਵੇਲ ਸਿੰਘ ਸਰਹਾਲੀ, ਸਮੇਤ ਹੋਰਨਾਂ ਨੇ ਸੋਮਵਾਰ ਨੂੰ ਇਥੇ ਦੱਸਿਆ ਕਿ ਕੋਈ ਇਕ ਮਹੀਨਾਂ ਪਹਿਲਾਂ ਹੋਈ ਭਾਰੀ ਬਾਰਸ਼ ਤੋਂ ਲੈ ਕੇ ਅੱਜ ਤੱਕ ਉਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ ਜਿਸ ਕਰਕੇ ਉਨ੍ਹਾਂ ਲਈ ਘਰਾਂ ਦੇ ਖਰਚ ਚਲਾਉਣੇ ਮੁਸ਼ਕਲ ਹਨ| ਤਿੰਨ ਦਿਨ ਤੋਂ ਲਗਾਤਾਰ ਹੁੰਦੀ ਰਹੀ ਹਲਕੀ ਤੋਂ ਦਰਮਿਆਨੀ ਬਾਰਸ਼ ਨੇ ਤਾਂ ਉਨ੍ਹਾਂ ਦੇ ਕਈ ਸਾਥੀਆਂ ਨੂੰ ਬਿਮਾਰ ਵੀ ਕਰ ਦਿੱਤਾ ਹੈ।
ਖੇਤਾਂ ਵਿੱਚ ਪਾਣੀ ਖੜ੍ਹਾ ਹੋ ਜਾਣ ਕਰਕੇ ਆਲੂਆਂ-ਮਟਰਾਂ ਆਦਿ ਦੀ ਪੁਟਾਈ-ਤੁੜਵਾਈ ਦਾ ਕੰਮ ਵੀ ਠੱਪ ਹੈ| ਉਨ੍ਹਾਂ ਦੱਸਿਆ ਕਿ ਇਸ ਅੱਡੇ ’ਤੇ 240 ਦੇ ਕਰੀਬ ਉਸਾਰੀ ਮਜ਼ਦੂਰ ਕੰਮ ਲਈ ਆਉਂਦੇ ਹਨ ਤੇ ਸਿਰਫ 60 ਮਜ਼ਦੂਰਾਂ ਦੀ ਹੀ ਕਿਰਤ ਵਿਭਾਗ ਨੇ ਰਜਿਸਟਰੇਸ਼ਨ ਕੀਤੀ ਹੈ| ਮਜਦੂਰਾਂ ਨੇ ਚੋਣਾਂ ਦੇ ਚੱਲਦਿਆਂ ਸਾਰੀਆਂ ਰਾਜਨੀਤਕ ਧਿਰਾਂ ਦੇ ਆਗੂਆਂ ਨੂੰ ਉਸਾਰੀ ਮਜ਼ਦੂਰ ਨੂੰ ਦਿਹਾੜੀ ਨਾ ਮਿਲਣ ਦੀ ਸੂਰਤ ਵਿੱਚ ਗੁਜ਼ਾਰਾ ਭੱਤਾ ਦੇਣ ਦੀ ਮੱਦ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ| ਮਜ਼ਦੂਰਾਂ ਨੇ ਸਰਕਾਰ ਨੂੰ ਉਨ੍ਹਾਂ ਲਈ ਇਥੇ ਉਡੀਕ ਘਰ ਦੀ ਉਸਾਰੀ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ|