ਦੇਸ ਰਾਜ
ਸੁਲਤਾਨਪੁਰ ਲੋਧੀ, 17 ਨਵੰਬਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜਾ ਮਹਾਨ ਨਗਰ ਕੀਰਤਨ ਮੰਡ ਇਲਾਕੇ ਵਿੱਚੋਂ ਸ਼ੁਰੂ ਹੋਇਆ। ਇਸ ਨਗਰ ਕੀਰਤਨ ਦੀ ਵਿਲੱਖਣਤਾ ਇਹ ਰਹੀ ਕਿ ਜਿਹੜੇ ਕਿਸਾਨਾਂ ਨੇ ਐਤਕੀਂ ਪਰਾਲੀ ਨੂੰ ਅੱਗ ਨਾ ਲਾ ਕੇ ਗੁਰਬਾਣੀ ਉਪਦੇਸ਼ਾਂ ਦੀ ਪਾਲਣਾ ਕੀਤੀ ਹੈ ਉਨ੍ਹਾਂ ’ਤੇ ਨਗਰ ਕੀਰਤਨ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਨਗਰ ਕੀਰਤਨ ਦੌਰਾਨ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਦਾ ਤੇ ਪਰਾਲੀ ਨੂੰ ਖੇਤਾਂ ਵਿੱਚ ਵਹਾਉਣ ਵਾਲੇ ਕਿਸਾਨਾਂ ਨੂੰ ਹੋਣ ਵਾਲੇ ਫਾਇਦਿਆਂ ਦਾ ਬਾਖੂਬੀ ਜ਼ਿਕਰ ਕੀਤਾ ਗਿਆ। ਨਗਰ ਕੀਰਤਨ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਜਿਹੜੇ ਕਿਸਾਨ ਵੀਰਾਂ ਨੇ ਪਰਾਲੀ ਨੂੰ ਅੱਗ ਨਾ ਲਾ ਕੇ ਬਾਣੀ ਦਾ ਉਪਦੇਸ਼ ਮੰਨਿਆ ਹੈ ਉਨ੍ਹਾਂ ਨੇ ਮਨੁੱਖਤਾ ਦੇ ਭਲੇ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਜਿਹੜੇ ਕਿਸਾਨਾਂ ਨੇ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹ ਕੇ ਕਣਕ ਬੀਜੀ ਸੀ ਹੁਣ ਉਹ ਖੇਤਾਂ ਵਿੱਚ ਹਰੀ ਭਾਅ ਮਾਰਨ ਲੱਗ ਪਈ ਹੈ। ਪਰਾਲੀ ਨੂੰ ਅੱਗ ਲਾਏ ਬਿਨਾਂ ਕਣਕ ਬੀਜਣ ਵਾਲੇ ਕਿਸਾਨਾਂ ਦਾ ਵੱਡੇ ਪੱਧਰ ’ਤੇ ਖਾਦ ਦਾ ਖਰਚਾ ਘਟਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਬਹੁਤ ਕਿਸਾਨਾਂ ਵੱਲੋਂ ਹੁਣ ਪਰਾਲੀ ਨੂੰ ਅੱਗ ਨਹੀ ਲਗਾਈ ਜਾ ਰਹੀ ਹੈ। ਨਗਰ ਕੀਰਤਨ ਵਿੱਚ ਡੇਰਾ ਹਰਜੀ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਅਮਰੀਕ ਸਿੰਘ ਖੁਖਰੈਣ, ਬਾਬਾ ਅਵਤਾਰ ਸਿੰਘ ਸਮੇਤ ਹੋਰ ਬਹੁਤ ਸਾਰੀਆਂ ਧਾਰਮਿਕ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਗੁਰਦੁਆਰਾ ਸ਼ਹੀਦ ਬਾਜ਼ ਸਿੰਘ ਜੀ ਪਿੰਡ ਆਹਲੀ ਖੁਰਦ ਤੋਂ ਚੱਲ ਕੇ ਮੰਡ ਇਲਾਕੇ ਦੇ ਪਿੰਡਾਂ ਆਹਲੀ ਕਲਾ, ਬੂਲੇ, ਹਜ਼ਾਰਾ, ਭੀਮਾ, ਚੱਕ, ਹਾਜੀਪੁਰ, ਕਬੀਰਪੁਰ, ਲੋਧੀ ਵਾਲਾ, ਭਾਗੋ ਬੁੱਢਾ, ਬੂਸੋਵਾਲ, ਤਰਫਹਾਜੀ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਪਵਿੱਤਰ ਕਾਲੀ ਵੇਈਂ ਦੇ ਕੰਢੇ ਕੰਢੇ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚਿਆ।
ਸ੍ਰੀ ਗੋਇੰਦਵਾਲ ਸਾਹਿਬ (ਜਤਿੰਦਰ ਸਿੰਘ ਬਾਵਾ): ਗੁਰੂ ਨਾਨਕ ਦੇਵ ਦੇ ਪਿਤਾ ਪੁਰਖੀ ਨਗਰ ਡੇਹਰਾ ਸਾਹਿਬ ਤੋਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸੁਲਤਾਨਪੁਰ ਲੋਧੀ ਲਈ ਸਜਾਏ ਗਏ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਰਵਾਨਾ ਹੋਇਆ। ਨਗਰ ਕੀਰਤਨ ਦਾ ਆਰੰਭ ਸੰਗਤ ਵੱਲੋ ਜੈਕਾਰਿਆਂ ਦੀ ਗੂੰਜ ਵਿੱਚ ਕੀਤਾ ਗਿਆ ਤੇ ਪਿੰਡਾਂ ’ਚ ਸੰਗਤ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ। ਗੁਰਦੁਆਰਾ ਬਾਉਲੀ ਸਾਹਿਬ ਪਹੁੰਚਣ ’ਤੇ ਮੈਨੇਜਰ ਸਰਬਜੀਤ ਸਿੰਘ ਮੁੰਡਾਪਿੰਡ, ਜਥੇਦਾਰ ਪ੍ਰੇਮ ਸਿੰਘ ਪੰਨੂ ਤੇ ਹੈਂਡ ਗ੍ਰੰਥੀ ਭਾਈ ਗੁਰਮੁੱਖ ਸਿੰਘ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ। ਮਗਰੋਂ ਨਗਰ ਕੀਰਤਨ ਸੁਲਤਾਨਪੁਰ ਲੋਧੀ ਲਈ ਰਵਾਨਾ ਹੋਇਆ।