ਹਰਪ੍ਰੀਤ ਕੌਰ
ਹੁਸ਼ਿਆਰਪੁਰ, 21 ਜੁਲਾਈ
ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੇ ਸੱਦੇ ’ਤੇ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਸਰਕਲ ਦਫ਼ਤਰ ਸੰਚਾਲਨ ਤੇ ਸੰਭਾਲ ਮੰਡਲ ਦੇ ਮੁਲਾਜ਼ਮਾਂ ਅਤੇ ਪੇਂਡੂ ਫ਼ਾਰਮੇਸੀ ਅਫਸਰ ਯੂਨੀਅਨ ਦੇ ਆਗੂਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸ਼ਹਿਰ ’ਚ ਰੋਸ ਮਾਰਚ ਕੀਤਾ। ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਤੋਂ ਸ਼ੁਰੂ ਹੋ ਕੇ ਮੁਲਾਜ਼ਮ ਮਾਰਚ ਕਰਦੇ ਹੋਏ ਸਦਰ ਥਾਣਾ ਚੌਕ ਪੁੱਜੇ ਜਿੱਥੇ ਉਨ੍ਹਾਂ ਸਰਕਾਰ ਖਿਲਾਫ਼ ਮੁਜ਼ਾਹਰਾ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪਸਸਫ) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਪੈਨਸ਼ਨਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਵਰਨ ਸਿੰਘ ਅਤੇ ਸੂਬਾਈ ਆਗੂ ਬਲਵੀਰ ਸਿੰਘ ਸੈਣੀ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੁਨੀਲ ਸ਼ਰਮਾ, ਪੇਂਡੂ ਫਾਰਮੇਸੀ ਅਫ਼ਸਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਜੇ ਕੁਮਾਰ, ਪੀਡਬਲਿਯੂਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੂਬਾ ਚੇਅਰਮੈਨ ਮਨਜੀਤ ਸਿੰਘ ਸੈਣੀ ਅਤੇ ਪੰਜਾਬ ਜਲ ਸਰੋਤ ਇੰਪਲਾਈਜ਼ਡ (ਟੇਵੂ) ਯੂਨੀਅਨ ਦੇ ਯੂਨਿਟ ਪ੍ਰਧਾਨ ਰਾਜ ਕੁਮਾਰ ਨੇ ਪੰਜਾਬ ਸਰਕਾਰ ਦੁਆਰਾ ਮੁਲਾਜ਼ਮ ਵਿਰੋਧੀ ਲਏ ਜਾ ਰਹੇ ਫੈਸਲਿਆਂ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਨਵੀਂ ਭਰਤੀ ਮੌਕੇ ਕੇਂਦਰੀ ਸਕੇਲ ਦੇਣ ਦਾ ਫ਼ੈਸਲਾ ਵਾਪਿਸ ਲਿਆ ਜਾਵੇ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਰੋਕੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਬਕਾਏ ਜਾਰੀ ਕੀਤੇ ਜਾਣ, ਤਨਖਾਹ ਕਮਿਸ਼ਨ ਲਾਗੂ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਤੇ ਖਾਲੀ ਅਸਾਮੀਆਂ ’ਤੇ ਰੈਗੂਲਰ ਭਰਤੀ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ 24 ਜੁਲਾਈ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਇੰਜ. ਮਨੋਜ ਕੁਮਾਰ, ਅਮਰਜੀਤ ਗਰੋਵਰ, ਪ੍ਰਮੋਦ ਕੁਮਾਰ, ਗਗਨ ਕੁਮਾਰ, ਕੁਲਵਿੰਦਰ ਕੁਮਾਰ, ਸੋਨੀਆ ਠਾਕੁਰ, ਰਮਨਦੀਪ, ਵਿਸ਼ਾਲ ਠਾਕੁਰ, ਰਾਕੇਸ਼ ਕੁਮਾਰ, ਅਨੀਤਾ ਕੁਮਾਰੀ ਆਦਿ ਮੌਜੂਦ ਸਨ।
ਤਰਨ ਤਾਰਨ(ਗੁਰਬਖਸ਼ਪੁਰੀ): ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ’ਤੇ ਅੱਜ ਜ਼ਿਲ੍ਹੇ ਅੰਦਰ ਮੁਲਾਜ਼ਮਾਂ ਨੇ ਸੂਬਾ ਸਰਕਾਰ ਖਿਲਾਫ਼ ਕਈ ਥਾਵਾਂ ’ਤੇ ਰੋਸ ਵਿਖਾਵੇ ਕੀਤੇ|ਮੁਲਾਜ਼ਮ ਸੂਬੇ ਦੇ ਕਰਮਚਾਰੀਆਂ ਨੂੰ ਕੇਂਦਰ ਸਰਕਾਰ ਦੀ ਤਰਜ਼ ’ਤੇ ਤਨਖਾਹਾਂ ਦੇਣ ਅਤੇ ਹੋਰ ਸਹੂਲਤਾਂ ਦੇਣ ਤੋਂ ਇਨਕਾਰ ਕਰਨ ਖਿਲਾਫ਼ ਰੋਸ ਜ਼ਾਹਰ ਰਹੇ ਹਨ| ਇਸ ਸੱਦੇ ਤਹਿਤ ਪੈਨਸ਼ਨਰਜ਼ ਤੇ ਸੀਨੀਅਰ ਵੈਲਫੇਅਰ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਵਲੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਜੀਤ ਸਿੰਘ ਫਤਿਹਚੱਕ ਦੀ ਅਗਵਾਈ ਵਿੱਚ ਇਕ ਵੀਡੀਓ ਕਾਨਫਰੰਸ ਕੀਤੀ ਗਈ|ਇਸ ਦੇ ਨਾਲ ਹੀ ਨਗਰ ਕੌਂਸਲ ਦੇ ਸਫਾਈ ਸੇਵਕਾਂ ਨੇ ਜਥੇਬੰਦੀ ਦੇ ਆਗੂ ਰਮੇਸ਼ ਕੁਮਾਰ ਸ਼ੇਰਗਿਲ ਦੀ ਅਗਵਾਈ ਵਿੱਚ ਰੋਸ ਵਿਖਾਵਾ ਕੀਤਾ| ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰ ਯੂਨੀਅਨ ਦੇ ਸੱਦੇ ਤੇ ਵਰਕਰਾਂ ਨੇ ਰੋਡਵੇਜ਼ ਦੇ ਡਿਪੂ ਨੇੜੇ ਸਰਕਾਰ ਖਿਲਾਫ਼ ਰੋਸ ਵਿਖਾਵਾ ਕਰਕੇ ਸਰਕਾਰ ਦੇ ਕਥਿਤ ਝੂਠੇ ਲਾਰਿਆਂ ਦਾ ਘੜਾ ਭੰਨਿਆ।
ਗੜ੍ਹਸ਼ੰਕਰ (ਜੇਬੀ ਸੇਖੋਂ) ਅੱਜ ਇੱਥੇ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਉਪ-ਮੰਡਲ ਦਫ਼ਤਰ ਅੱਗੇ ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਦੇ ਸਾਂਝੇ ਫਰੰਟ ਦੇ ਸੱਦੇ ‘ਤੇ ਫਰੰਟ ਦੇ ਜ਼ਿਲ੍ਹਾ ਕਨਵੀਨਰ ਰਾਮ ਜੀ ਦਾਸ ਚੌਹਾਨ ਦੀ ਅਗਵਾਈ ਹੇਠ ਸੂਬੇ ਦੀ ਸਰਕਾਰ ਵੱਲੋਂ ਲਏ ਜਾ ਰਹੇ ਕਥਿਤ ਮੁਲਾਜ਼ਮ ਵਿਰੋਧੀ ਫੈਸਲਿਆਂ ਦਾ ਵਿਰੋਧ ਕਰਦਿਆਂ ਘੜਾ ਭੰਨ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।