ਸੁਖਦੇਵ ਸਿੰਘ ਸੁੱਖ
ਅਜਨਾਲਾ, 1 ਮਈ
ਇੱਥੋਂ ਸਰਕਾਰੀ ਡਿਗਰ ਕਾਲਜ ਵਿਚ ਮਜ਼ਦੂਰ ਦਿਵਸ ਦਿਵਸ ਮੌਕੇ ਲਗਾਏ ਵਿਸ਼ੇਸ਼ ਕੈਂਪ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਹਰ ਲੋੜਵੰਦ ਵਿਅਕਤੀ ਦਾ ਮਨਰੇਗਾ ਕਾਰਡ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜਨਾਲਾ ਹਲਕੇ ਵਿਚ ਇੱਕ ਲੱਖ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮਨਰੇਗਾ ਕਾਰਡ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਫ਼ਤੇ ਵਿੱਚ ਪੰਜ ਹਜ਼ਾਰ ਵਿਅਕਤੀਆਂ ਨੂੰ ਮਨਰੇਗਾ ਸਕੀਮ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਆਪਣੇ ਚਹੇਤਿਆਂ ਦੇ ਹੱਕਾਂ ਦੀ ਰਾਖੀ ਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ‘ਆਪ’ ਸਰਕਾਰ ਵਿੱਚ ਸਾਰੀਆਂ ਹੀ ਸਰਕਾਰੀ ਸਕੀਮਾਂ ਆਮ ਲੋਕਾਂ ਤੱਕ ਪਹੁੰਚਣਗੀਆਂ।
ਉਨ੍ਹਾਂ ਮਜ਼ਦੂਰ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਮਜ਼ਦੂਰ ਦਿਵਸ ਦੀ ਸ਼ੁਰੂਆਤ ਮਜ਼ਦੂਰ ਯੂਨੀਅਨ ਅੰਦੋਲਨ ਵਿੱਚ ਹੋਈ ਹੈ। ਇਸ ਅੰਦੋਲਨ ਵਿੱਚ ਅੱਠ ਘੰਟੇ ਕੰਮ, ਅੱਠ ਘੰਟੇ ਮਨੋਰੰਜਨ ਅਤੇ ਅੱਠ ਘੰਟੇ ਆਰਾਮ ਕਰਨ ਦੀ ਵਕਾਲਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਵਿਚ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਜ਼ਦੂਰਾਂ ਦੇ ਜੌਬ ਕਾਰਡ ਬਣਾਏ ਜਾਣਗੇ। ਇਸ ਵਿਚ ਹਰ ਇਕ ਮਜ਼ਦੂਰ ਨੂੰ 100 ਦਿਨਾਂ ਦੀ ਦਿਹਾੜੀ ਮਿਲੇਗੀ, ਜਿਸ ਨਾਲ ਲਗਭਗ 28,000 ਰੁਪਏ ਸਾਲਾਨਾ ਦਿੱਤੇ ਜਾਣਗੇ। ਇਸ ਮੌਕੇ ਉਨ੍ਹਾਂ ਵੱਲੋਂ 5.15 ਲੱਖ ਰੁਪਏ ਦੇ ਚੈੱਕ ਵੱਖ-ਵੱਖ ਗਰੱਪਾਂ ਨੂੰ ਵੰਡੇ ਗਏ।