ਪੱਤਰ ਪ੍ਰੇਰਕ
ਅਟਾਰੀ, 22 ਅਕਤੂਬਰ
ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਾਂਝੀ ਜਾਂਚ ਚੌਕੀ ਅਟਾਰੀ ਵਿੱਚ ਲੈਂਡਪੋਰਟ ਅਥਾਰਿਟੀ ਆਫ ਇੰਡੀਆ, ਕਸਟਮ ਵਿਭਾਗ, ਸੀਮਾ ਸੁਰੱਖਿਆ ਬਲ ਅਤੇ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇੱਥੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਸਾਂਝੀ ਜਾਂਚ ਚੌਕੀ ਅਤੇ ਸੰਗਠਿਤ ਚੈੱਕ ਪੋਸਟ ਅਟਾਰੀ ਵਿੱਚ ਹਾਈ ਮਾਸਟ ਫਲੈਗ ਪੋਸਟ ਦੀ ਸਥਾਪਨਾ ਅਤੇ ਜੇਸੀਪੀ ’ਚ ਸੁੰਦਰੀਕਰਨ ਦੇ ਕੰਮ, ਰੱਦ ਕੀਤੇ ਗਏ ਟਰੱਕ ਸਕੈਨਰ, ਯਾਤਰੀਆਂ ਦੀਆਂ ਸਹੂਲਤਾਂ ਅਤੇ ਸੁਧਾਰ, ਆਈਸੀਪੀ ਵਿੱਚ ਬੁਨਿਆਦੀ ਢਾਂਚੇ ਦਾ ਨਵੀਨੀਕਰਨ ਅਤੇ ਵਿਕਾਸ, ਪਾਰਕਿੰਗ ਦੇ ਮੁੱਦੇ, ਕਿਸਾਨਾਂ ਅਤੇ ਸਰਹੱਦੀ ਕੰਡਿਆਲੀ ਤਾਰ ਦੇ ਮੁੱਦੇ, ਹਾਈਵੇਅ ਪ੍ਰਾਜੈਕਟ ਆਦਿ ਬਾਰੇ ਚਰਚਾ ਹੋਈ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਔਜਲਾ ਨੇ ਦੱਸਿਆ ਕਿ ਦਹਾਕੇ ਦੀ ਲੰਬੀ ਜੱਦੋਜਹਿਦ ਅਤੇ ਅੱਧੇ ਦਹਾਕੇ ਦੀ ਲੰਬੀ ਇੰਸਟਾਲੇਸ਼ਨ ਪ੍ਰਕਿਰਿਆ ਤੋਂ ਬਾਅਦ ਸੰਗਠਿਤ ਚੈੱਕ ਪੋਸਟ ਅੰਮ੍ਰਿਤਸਰ ਵਿੱਚ ਲਗਾਇਆ ਗਿਆ ਟਰੱਕ ਸਕੈਨਰ ਟੈਸਟ ਵਿੱਚ ਅਸਫਲ ਹੋ ਗਿਆ ਹੈ ਤੇ ਬੰਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਭਾਰਤ ਵਿਰੋਧੀ ਲੌਬੀ ਨੇ ਸਕੈਨਰ ਦੀ ਖ਼ਰੀਦ ਲਈ ਬਣਾਈ ਕਮੇਟੀ ਵਿੱਚ ਕਸਟਮ ਅਤੇ ਹੋਰ ਏਜੰਸੀਆਂ ਦੇ ਮਾਹਿਰਾਂ ਨੂੰ ਸ਼ਾਮਿਲ ਨਹੀਂ ਕੀਤਾ ਸੀ, ਜਿਸ ਕਾਰਨ ਇਹ ਟੈਸਟਾਂ ਵਿੱਚ ਫੇਲ੍ਹ ਹੋਇਆ। ਔਜਲਾ ਨੇ ਕਿਹਾ ਕਿ ਉਹ ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ ਇਹ ਮਾਮਲਾ ਗ੍ਰਹਿ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਦਫ਼ਤਰ ਕੋਲ ਉਠਾਉਣਗੇ। ਇਸ ਮੌਕੇ ਜਸਬੀਰ ਸਿੰਘ ਕਮਾਂਡੈਂਟ 144 ਬਟਾਲੀਅਨ, ਪਰਦੀਪ ਸਿੰਘ ਕਮਾਂਡੈਂਟ, ਡਿਪਟੀ ਕਮਿਸ਼ਨਰ ਕਸਟਮ ਅਤੁਲ ਕੁਮਾਰ ਆਦਿ ਹਾਜ਼ਰ ਸਨ।