ਜਤਿੰਦਰ ਬੈਂਸ
ਗੁਰਦਾਸਪੁਰ, 23 ਨਵੰਬਰ
ਪੁਲੀਸ ਨੇ ਭੈੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਦੌਰਾਨ ਸ਼ਹਿਰ ਦੇ ਬੱਬਰੀ ਬਾਈਪਾਸ ਨੇੜੇ ਇੱਕ ਚਿੱਟੇ ਰੰਗ ਦੀ ਕਰੂਜ਼ ਕਾਰ ਵਿੱਚੋਂ ਬਿਨਾਂ ਕੋਈ ਮਾਰਕਾ ਲੱਗੇ ਤਿੰਨ ਪਿਸਤੌਲ, 9 ਮੈਗਜ਼ੀਨ ਅਤੇ 70 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਸਬੰਧੀ ਐੱਸਐੱਸਪੀ ਗੁਰਦਾਸਪੁਰ ਨਾਨਕ ਸਿੰਘ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਪੁਲੀਸ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਬ-ਇੰਸਪੈਕਟ ਹਰਜੀਤ ਸਿੰਘ ਨੇ ਪੁਲੀਸ ਪਾਰਟੀ ਸਮੇਤ ਗੈਰਸਮਾਜੀ ਅਨਸਰਾਂ ਦੀ ਪੈੜ ਨੱਪਣ ਲਈ ਬੱਬਰੀ ਬਾਈਪਾਸ ਉੱਤੇ ਨਾਕਾ ਲਗਾਇਆ ਹੋਇਆ ਸੀ। ਨਾਕੇ ਦੌਰਾਨ ਪੁਲੀਸ ਪਾਰਟੀ ਅੰਮ੍ਰਿਤਸਰ ਵੱਲੋਂ ਆਉਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਜਾਂਚ ਕਰ ਰਹੀ ਸੀ। ਇਸ ਮੌਕੇ ਪੁਲੀਸ ਨੇ ਅੰਮ੍ਰਿਤਸਰ ਵੱਲੋਂ ਇੱਕ ਚਿੱਟੇ ਰੰਗ ਦੀ ਆ ਰਹੀ ਕਰੂਜ਼ ਕਾਰ ਨੰਬਰ ਪੀਬੀ-11 ਸੀਵਾਈ 8182 ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਦੋ ਕਾਰ ਸਵਾਰਾਂ ਵਿਅਕਤੀਆਂ ਨੇ ਕਾਰ ਦੀ ਬਾਰੀ ਖੋਲ੍ਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਪੁਲੀਸ ਨੇ ਹੁਸ਼ਿਆਰੀ ਨਾਲ ਕੰਮ ਲੈਂਦਿਆਂ ਦੋਵਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਦੀ ਪਛਾਣ ਥਾਣਾ ਸਦਰ ਗੁਰਦਾਸਪੁਰ ਦੇ ਪਿੰਡ ਚੌੜ ਵਾਸੀ ਬਿਕਰਮਜੀਤ ਸਿੰਘ ਉਰਫ਼ ਬਿੱਕਾ ਪੁੱਤਰ ਮੇਜਰ ਸਿੰਘ ਅਤੇ ਥਾਣਾ ਮਹਿਤਾ (ਅੰਮ੍ਰਿਤਸਰ) ਦਿਹਾਤੀ ਦੇ ਪਿੰਡ ਘਨਸ਼ਾਮਪੁਰ ਵਾਸੀ ਪਰਮਜੀਤ ਸਿੰਘ ਉਰਫ਼ ਬੰਟੀ ਪੁੱਤਰ ਪ੍ਰੇਮ ਸਿੰਘ ਵਜੋਂ ਕੀਤੀ ਗਈ। ਐੱਸਐੱਸਪੀ ਨੇ ਅੱਗੇ ਦੱਸਿਆ ਕਿ ਤਲਾਸ਼ੀ ਦੌਰਾਨ ਕਾਰ ਚਾਲਕ ਬਿਕਰਮਜੀਤ ਸਿੰਘ ਉਰਫ਼ ਬਿੱਕਾ ਤੋਂ ਇੱਕ ਖਾਲ੍ਹੀ ਮੈਗਜ਼ੀਨ ਸਮੇਤ 30 ਬੋਰ ਦਾ ਪਿਸਤੌਲ ਅਤੇ ਪਰਮਜੀਤ ਸਿੰਘ ਦੀ ਤਲਾਸ਼ੀ ਦੌਰਾਨ ਖਾਲੀ ਮੈਗਜ਼ੀਨਾਂ ਸਮੇਤ 30 ਬੋਰ ਦੇ ਦੋ ਪਿਸਤੌਲ ਬਰਾਮਦ ਕੀਤੇ ਗਏ ਹਨ। ਪਿਸਤੌਲਾਂ ਉੱਤੇ ਕਿਸੇ ਕਿਸਮ ਦਾ ਕੋਈ ਮਾਰਕਾ ਨਹੀਂ ਲੱਗਾ ਹੋਇਆ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਕਾਰ ਦੀ ਤਲਾਸ਼ੀ ਦੌਰਾਨ ਡੈਸ਼ ਬੋਰਡ ਵਿੱਚੋਂ ਛੇ ਖਾਲੀ ਮੈਗਜ਼ੀਨ ਅਤੇ ਭਾਰਤੀ ਕਰੰਸੀ ਵਿੱਚ 70 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਖਿਲਾਫ਼ ਥਾਣਾ ਸਦਰ ਗੁਰਦਾਸਪੁਰ ਵਿਖੇ ਅਸਲਾ ਐਕਟ ਦੀ ਧਾਰਾ 25/54/59 ਤਹਿਤ ਕੇਸ ਦਰਜ਼ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮੌਕੇ ਐੱਸਪੀ (ਡੀ) ਡਾ. ਮੁਕੇਸ਼ ਕੁਮਾਰ, ਡੀਐੱਸਪੀ (ਡੀ) ਡਾ.ਰਮੇਸ਼ ਕੁਮਾਰ ਅਤੇ ਡੀਐੱਸਪੀ ਵਿਸ਼ਵਨਾਥ ਵੀ ਹਾਜ਼ਰ ਸਨ।