ਦਲਬੀਰ ਸੱਖੋਵਾਲੀਆ
ਬਟਾਲਾ, 14 ਅਗਸਤ
15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ, ਪਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਨੂੰ ਦੋ ਦਿਨ ਬਾਅਦ ਭਾਵ 17 ਅਗਸਤ 1947 ਨੂੰ ਆਜ਼ਾਦੀ ਮਿਲੀ ਹੈ। ਜਦੋਂ ਕਿ 14 ਅਗਸਤ ਨੂੰ ਪਾਕਿਸਤਾਨ ਹੋਂਦ ਵਿੱਚ ਆਇਆ ਸੀ। ਉਸ ਸਮੇਂ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਮੁਸਲਮਾਨਾਂ ਦੀ ਆਬਾਦੀ 51 ਫੀਸਦੀ ਸੀ, ਜਦੋਂ ਕਿ ਸਿੱਖ ਅਤੇ ਹਿੰਦੂਆਂ ਦੀ ਆਬਾਦੀ 49 ਫ਼ੀਸਦੀ ਸੀ। ਇਨ੍ਹਾਂ ਦੋ ਦਿਨਾਂ ਵਿੱਚ ਹੀ ਸਨਅਤੀ ਨਗਰ ਬਟਾਲਾ ’ਚ ਵੱਡੀ ਗਿਣਤੀ ਵਿੱਚ ਰਹਿੰਦੇ ਮੁਸਲਮਾਨ ਬਹੁਤ ਖ਼ੁਸ਼ ਹੋਏ। ਇੱਥੋਂ ਦੇ ਮੀਆਂ ਮੁਹੱਲਾ ਦੇ ਬਜ਼ੁਰਗ ਸਰਦਾਰੀ ਲਾਲ (86) ਨੇ ਦੱਸਿਆ ਕਿ ਜਦੋਂ ਬਟਾਲਾ ਦੇ ਵੱਖ ਵੱਖ ਦਰਵਾਜ਼ਿਆਂ ਅੱਗੇ ਵੱਡੇ ਵੱਡੇ ਟੋਏ ਪੁੱਟੇ ਜਾਣ ’ਤੇ ਪਹਿਲਾਂ ਤਾਂ ਲੋਕਾਂ ਨੂੰ ਕੁਝ ਪਤਾ ਨਾ ਲੱਗਾ, ਜਦੋਂ ਇਸ ਘਟਨਾਕ੍ਰਮ ਦਾ ਪਤਾ ਲੱਗਾ ਤਾਂ ਹਿੰਦੂ, ਸਿੱਖ ਆਪਣੀ ਸੁਰੱਖਿਆ ਲਈ ਫਿਕਰਮੰਦ ਹੋਣ ਲੱਗੇ ਅਤੇ ਖ਼ੁਦ ਸੁਰੱਖਿਆ ਦੇ ਪ੍ਰਬੰਧਾਂ ’ਚ ਜੁੱਟ ਗਏ। ਬਜ਼ੁਰਗ ਨੇ ਦੱਸਿਆ ਕਿ ਉਸ ਸਮੇਂ ਬਟਾਲਾ ਵਿੱਚ ਮੁਸਲਮਾਨ ਚੋਖੀ ਗਿਣਤੀ ਵਿੱਚ ਸਨ। ਡੀਪੀਆਰਓ ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਉਸ ਸਮੇਂ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਨੂੰ ਪਾਕਿਸਤਾਨ ਦਾ ਹਿੱਸਾ ਬਣਾਏ ਜਾਣ ਦੀ ਸੰਭਾਵਨਾ ’ਤੇ ਪਾਕਿਸਤਾਨ ਹਕੂਮਤ ਨੇ ਡੀਸੀ ਅਤੇ ਐਸਪੀ ਨੂੰ ਬਕਾਇਦਾ ਗੁਰਦਾਸਪੁਰ ਭੇਜ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਪਾਕਿਸਤਾਨ ਦੇ ਹਮਰੁਤਬਾ ਲਿਆਕਤ ਅਲੀ ਖਾਂ ਦਰਮਿਆਨ ਇੱਕ ਸਮਝੌਤਾ ਹੋਇਆ। ਸਿੱਟੇ ਵੱਜੋਂ 17 ਅਗਸਤ ਨੂੰ ਜ਼ਿਲ੍ਹਾ ਗੁਰਦਾਸਪੁਰ ਨੂੰ ਮੁੜ ਭਾਰਤ ਵਿੱਚ ਸ਼ਾਮਲ ਕੀਤਾ। ਕਿਉਂਕਿ ਹੱਦਬੰਦੀ ਕਮਿਸ਼ਨ ਦੇ ਚੇਅਰਮੈਨ ਰੈਡਕਲਿਫ ਦੀ ਰਿਪੋਰਟ 17 ਅਗਸਤ ਨੂੰ ਆਈ ਸੀ। ਉਸ ਸਮੇਂ ਗੁਰਦਾਸਪੁਰ ਦੀਆਂ ਕੁੱਲ ਚਾਰ ਤਹਿਸੀਲਾਂ ਬਟਾਲਾ , ਗੁਰਦਾਸਪੁਰ, ਪਠਾਨਕੋਟ ਅਤੇ ਸ਼ੰਕਰਗੜ੍ਹ ਸਨ। ਇਨ੍ਹਾਂ ’ਚ ਤਹਿਸੀਲ ਸ਼ੰਕਰਗੜ੍ਹ ਹੀ ਪਾਕਿਸਤਾਨ ਦਾ ਹਿੱਸਾ ਬਣ ਗਈ, ਜਿਸ ਕਾਰਨ ਮੁਸਲਮਾਨਾਂ ਦੀ ਆਬਾਦੀ ਘੱਟ ਗਈ ਸੀ। ਜਦੋਂ ਕਿ ਬਾਕੀ ਤਿੰਨ ਤਹਿਸੀਲਾਂ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦਾ ਹਿੱਸਾ ਬਣੀਆਂ।