ਐੱਨਪੀ ਧਵਨ
ਪਠਾਨਕੋਟ, 2 ਸਤੰਬਰ
ਅੱਜ ਸ਼ਹਿਰ ਦੇ ਸਿਵਲ ਹਸਪਤਾਲ ਦੇ ਸੇਵਾ ਕੇਂਦਰ ਕੋਲ ਸਾਂਸਦ ਕੋਟੇ ਵਿੱਚੋਂ 14.02 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਜਨਤਕ ਪਖਾਨਿਆਂ ਤੇ ਗੁਸਲਖਾਨਿਆ ਦਾ ਉਦਘਾਟਨ ਤਾਂ ਹੋ ਗਿਆ, ਪਰ ਚਾਰ ਸਾਲ ਪਹਿਲਾਂ ਨੇੜੇ ਹੀ ਬਣੇ ਜਨਤਕ ਪਖਾਨੇ ਨਾ ਸ਼ੁਰੂ ਹੋਣ ਕਾਰਨ ਲੋਕਾਂ ਵਿੱਚ ਨਿਗਮ ਦੀ ਕਾਰਜਸ਼ੈਲੀ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦ ਦੇ ਇਹ ਪਾਖਾਨੇ ਬਣਾਏ ਗਏ ਹਨ, ਉਸ ਵੇਲੇ ਤੋਂ ਹੀ ਇਸ ਇਮਾਰਤ ’ਤੇ ਤਾਲਾ ਲਟਕਿਆ ਹੋਇਆ ਹੈ ਤੇ ਇੱਕ ਦਿਨ ਵੀ ਇਨ੍ਹਾਂ ਪਖਾਨਿਆਂ ਦੀ ਵਰਤੋਂ ਨਹੀਂ ਕੀਤੀ ਗਈ। ਜੇਕਰ ਨਗਰ ਨਿਗਮ ਨੇ ਇਹ ਪਾਖਾਨੇ ਸ਼ੁਰੂ ਹੀ ਨਹੀਂ ਕਰਨੇ ਸਨ ਤਾਂ ਫਿਰ ਇਨ੍ਹਾਂ ਦੀ ਉਸਾਰੀ ਕਿਉਂ ਕੀਤੀ ਗਈ। ਲੋਕਾਂ ਨੇ ਦੋਸ਼ ਲਾਇਆ ਕਿ ਅਜਿਹਾ ਕਰਨ ਨਾਲ ਕੌਮੀ ਸਰਮਾਏ ਦਾ ਉਜਾੜਾ ਹੋਇਆ ਹੈ। ਉਨ੍ਹਾਂ ਇਸ ਸਬੰਧੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੇਵਾ ਕੇਂਦਰ, ਸ਼ਾਹਪੁਰਕੰਡੀ ਬੱਸ ਸਟਾਪ ਤੇ ਉਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਬਾਥਰੂਮ ਜਾਣ ਦੀ ਆ ਰਹੀ ਸਮੱਸਿਆ ਨੂੰ ਦੇਖ ਕੇ ਸੰਸਦ ਮੈਂਬਰ ਸਨੀ ਦਿਓਲ ਨੇ ਸੁਲਭ ਇੰਟਰਨੈਸ਼ਨਲ ਸਮਾਜਿਕ ਸੇਵਾ ਸੰਸਥਾ ਦੀ ਪੰਜਾਬ ਸ਼ਾਖਾ ਰਾਹੀਂ ਨਵੇਂ ਜਨਤਕ ਪਖਾਨੇ ਬਣਵਾਏ ਹਨ। ਇਸ ਦਾ ਅੱਜ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਰਬਿਨ ਕੱਟ ਕੇ ਉਦਘਾਟਨ ਕੀਤਾ ਹੈ। ਅਸ਼ਵਨੀ ਸ਼ਰਮਾ ਦਾ ਕਹਿਣਾ ਸੀ ਕਿ ਇਹ ਇਮਾਰਤ ਪਠਾਨਕੋਟ ਦੇ ਲੋਕਾਂ ਨੂੰ ਸੌਂਪੀ ਜਾ ਰਹੀ ਹੈ ਤੇ ਇਥੇ ਸਫਾਈ ਵਿਵਸਥਾ ਦਾ ਵੀ ਪੂਰਾ ਪ੍ਰਬੰਧ ਹੋਵੇਗਾ।