ਐੱਨਪੀ ਧਵਨ
ਪਠਾਨਕੋਟ, 10 ਮਈ
ਬੀਤੀ ਰਾਤ ਚੱਲੀ ਤੇਜ਼ ਹਨੇਰੀ ਅਤੇ ਬਾਰਸ਼ ਦੇ ਚੱਲਦਿਆਂ ਨਰੋਟ ਜੈਮਲ ਸਿੰਘ ਖੇਤਰ ਵਿੱਚ ਲੱਗਪਗ ਇੱਕ ਦਰਜਨ ਬਿਜਲੀ ਦੇ ਖੰਭੇ ਉਖੜ ਕੇ ਡਿੱਗ ਗਏ। ਇਸ ਨਾਲ ਰਾਤ ਭਰ ਖੇਤਰ ਦੇ ਜ਼ਿਆਦਾਤਰ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਅੱਜ ਸਵੇਰੇ ਬਿਜਲੀ ਮੁਲਾਜ਼ਮਾਂ ਵੱਲੋਂ ਘੰਟਿਆਂ ਦੀ ਸਖਤ ਮੁਸ਼ੱਕਤ ਬਾਅਦ ਬਿਜਲੀ ਦੇ ਖੰਭੇ ਖੜ੍ਹੇ ਕਰਕੇ ਬਿਜਲੀ ਸਪਲਾਈ ਬਹਾਲ ਕੀਤੀ ਗਈ। ਬਿਜਲੀ ਵਿਭਾਗ ਦੇ ਜੇਈ ਰਾਜੇਸ਼ ਕੁਮਾਰ ਨੇ ਦੱਸਿਆ ਕਿ ਤੇਜ਼ ਹਨੇਰੀ ਕਾਰਨ ਕਈ ਬਿਜਲੀ ਦੇ ਖੰਭੇ ਟੁੱਟ ਗਏ ਸਨ ਇਸ ਨਾਲ ਕੁੱਝ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਅੱਜ ਬਿਜਲੀ ਦੀ ਸਪਲਾਈ ਬਹਾਲ ਕਰਵਾ ਦਿੱਤੀ ਗਈ। ਇਸ ਦੇ ਇਲਾਵਾ ਤੇਜ਼ ਹਨੇਰੀ ਕਾਰਨ ਜੰਗਲਾਤ ਵਿਭਾਗ ਦੇ ਕੁੱਝ ਦਰੱਖ਼ਤਾਂ ਦੀਆਂ ਵੱਡੀਆਂ ਟਹਿਣੀਆਂ ਟੁੱਟ ਗਈਆਂ। ਬਮਿਆਲ ਦੇ ਨਜ਼ਦੀਕ ਸੰਤ ਨਿਰੰਕਾਰੀ ਸਤਿਸੰਗ ਭਵਨ ਕੋਲ ਰਸਤਾ ਵੀ ਬੰਦ ਹੋ ਗਿਆ। ਵਿਭਾਗ ਦੇ ਮੁਲਾਜ਼ਮਾਂ ਵੱਲੋਂ ਟਰੈਕਟਰ ਦੀ ਸਹਾਇਤਾ ਨਾਲ ਸੜਕ ਅਤੇ ਧੁੱਸੀ ਮਾਰਗ ਤੇ ਡਿੱਗੇ ਹੋਏ ਦਰੱਖਤਾਂ ਅਤੇ ਟਹਿਣੀਆਂ ਨੂੰ ਹਟਾ ਕੇ ਰਸਤਾ ਬਹਾਲ ਕੀਤਾ ਗਿਆ। ਜੰਗਲਾਤ ਵਿਭਾਗ ਦੇ ਗਾਰਡ ਮਨਜੀਤ ਕੁਮਾਰ ਨੇ ਦੱਸਿਆ ਕਿ ਵਿਭਾਗ ਦਾ ਜਿਆਦਾ ਨੁਕਸਾਨ ਨਹੀਂ ਹੋਇਆ ਹੈ।
ਮਿੰਟਾਂ ਵਿੱਚ ਹੀ ਕੀਤਾ ਸਭ ਤਹਿਸ-ਨਹਿਸ
ਬੀਤੀ ਰਾਤ ਆਈ ਹਨੇਰੀ ਏਨੀ ਤੇਜ਼ ਸੀ ਕਿ ਲੋਕਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ, ਪਹਿਲਾਂ ਸ਼ਹਿਰ ਦੀ ਬਿਜਲੀ ਗੁੱਲ ਹੋ ਗਈ ਅਤੇ ਫਿਰ ਸੜਕਾਂ ਉਪਰ ਆਵਾਜਾਈ ਠੱਪ ਹੋ ਗਈ। ਇਸ ਤਰ੍ਹਾਂ ਲੱਗਦਾ ਸੀ ਕਿ ਵਾਹਨ ਹਨੇਰੀ ਕਾਰਨ ਟਕਰਾਅ ਸਕਦੇ ਹਨ। ਹਵਾ ਵਿੱਚ ਤੂੜੀ ਅਤੇ ਹੋਰ ਨਿੱਕ ਸੁੱਕ ਉਡ ਰਿਹਾ ਸੀ। ਬਾਜ਼ਾਰ ਵਿੱਚ ਬੋਰਡ ਅਤੇ ਹੋਰ ਸ਼ੀਟਾਂ ਆਦਿ ਉਡਦੀਆਂ ਨਜ਼ਰ ਆਈਆਂ ਪਰ ਥੋੜ੍ਹੀ ਦੇਰ ਬਾਅਦ ਮੀਂਹ ਨਾਲ ਹਨੇਰੀ ਠੱਲ੍ਹੀ ਗਈ ਅਤੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ।