ਗੁਰਬਖਸ਼ਪੁਰੀ
ਤਰਨ ਤਾਰਨ, 10 ਨਵੰਬਰ
ਇੱਥੋਂ ਦੀ ਪੁਲੀਸ ਕਲੋਨੀ ਵਿੱਚ ਰਹਿੰਦੇ ਦੋ ਪੁਲੀਸ ਮੁਲਾਜ਼ਮਾਂ ਦੇ ਲੜਕਿਆਂ ਵਿਚਕਾਰ ਬੀਤੀ ਰਾਤ ਝਗੜਾ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲੜਕਿਆਂ ਨੇ ਪਹਿਲਾਂ ਕਲੋਨੀ ਤੋਂ ਬਾਹਰ ਝਗੜਾ ਕੀਤਾ। ਮਗਰੋਂ ਇੱਕ ਧਿਰ ਦੇ ਨੌਜਵਾਨ ਘਰਾਂ ਨੂੰ ਆ ਗਏ ਅਤੇ ਦੂਜੀ ਧਿਰ ਦੇ ਨੌਜਵਾਨ ਨੇ ਕਲੋਨੀ ਦੇ ਬਾਹਰੋਂ ਆਪਣੇ 15-16 ਦੇ ਕਰੀਬ ਹਮਾਇਤੀਆਂ ਨੂੰ ਇੱਕ ਜੀਪ, ਤਿੰਨ ਮੋਟਰਸਾਈਕਲਾਂ ਆਦਿ ’ਤੇ ਰਵਾਇਤੀ ਹਥਿਆਰਾਂ ਨਾਲ ਲੈਸ ਕਰ ਕੇ ਕਲੋਨੀ ਅੰਦਰ ਲੈ ਆਂਦਾ। ਊਨ੍ਹਾਂ ਕੋਲ ਡਾਂਗਾਂ, ਸੋਟੇ ਆਦਿ ਹਥਿਆਰ ਸਨ। ਉਹ ਕਰੀਬ ਇੱਕ ਘੰਟਾ ਆਪਣੇ ਵਿਰੋਧੀਆਂ ਨੂੰ ਲਲਕਾਰਦੇ ਰਹੇ। ਮਗਰੋਂ ਇਕ ਐੱਸਪੀ ਸਥਾਨਕ ਥਾਣਾ ਸਿਟੀ ਤੋਂ ਭਾਰੀ ਪੁਲੀਸ ਫੋਰਸ ਨਾਲ ਮੌਕੇ ’ਤੇ ਪੁੱਜੇ ਤਾਂ ਪੁਲੀਸ ਨੂੰ ਦੇਖ ਕੇ ਸ਼ਰਾਰਤੀ ਅਨਸਰ ਕਲੋਨੀ ਦੀਆਂ ਕੰਧਾਂ ਟੱਪ ਕੇ ਫ਼ਰਾਰ ਹੋ ਗਏ। ਪੁਲੀਸ ਨੇ ਜੀਪ ਅਤੇ ਮੋਟਰਸਾਈਕਲ ਕਬਜ਼ੇ ਵਿੱਚ ਲਏ ਹਨ।
ਥਾਣਾ ਸਿਟੀ ਦੇ ਮੁੱਖ ਮੁਨਸ਼ੀ ਗੁਰਭੇਜ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਪੁਲੀਸ ਮੁਲਾਜ਼ਮਾਂ ਦੇ ਬੱਚੇ ਹੋਣ ਕਰਕੇ ਸਮਝੌਤਾ ਹੋ ਗਿਆ ਹੈ। ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਦੱਸਣਯੋਗ ਹੈ ਕਿ ਇਸ ਘਟਨਾ ਤੋਂ ਪਹਿਲਾਂ ਪੁਲੀਸ ਨੇ ਕਲੋਨੀ ਦੇ ਮੁੱਖ ਗੇਟ ’ਤੇ ਸੁਰੱਖਿਆ ਦੇ ਬੰਦੋਬਸਤ ਨਹੀਂ ਕੀਤੇ ਸਨ ਪਰ ਅੱਜ ਸਵੇਰ ਹੁੰਦਿਆਂ ਹੀ ਕਲੋਨੀ ਦੇ ਗੇਟ ’ਤੇ ਸਖ਼ਤ ਸੁਰੱਖਿਆ ਕਰ ਦਿੱਤੀ ਗਈ। ਇਸ ਤਹਿਤ ਕਲੋਨੀ ਦੇ ਅੰਦਰ ਆਉਣ-ਜਾਣ ਵਾਲਿਆਂ ਦਾ ਨਾਂ ਦਰਜ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ ਅਤੇ ਗੇਟ ’ਤੇ ਵਧੇਰੇ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਉੱਚ ਪੁਲੀਸ ਅਧਿਕਾਰੀਆਂ ਨੇ ਇਸ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ।