ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 8 ਮਾਰਚ
ਕਿਸਾਨ ਸੰਯੁਕਤ ਮੋਰਚੇ ਦੇ ਸੱਦੇ ’ਤੇ ਸਥਾਨਕ ਨਿੱਜਰਪੁਰਾ ਟੌਲ ਪਲਾਜ਼ਾ ’ਤੇ ਬੀਬੀ ਮਨਜੀਤ ਕੌਰ ਵਰਪਾਲ ਤੇ ਸੁਖਵਿੰਦਰ ਕੌਰ ਚਾਟੀਵਿੰਡ ਦੀ ਅਗਵਾਈ ਹੇਠ ਮਹਿਲਾ ਦਿਵਸ ਮਨਾਇਆ ਗਿਆ। ਟੌਲ ਪਲਾਜ਼ਾ ਪਹੁੰਚੀਆਂ ਬੀਬੀਆਂ ਨੇ ਸੁਖਮਨੀ ਸਾਹਿਬ ਦੇ ਪਾਠ ਕਰਨ ਉਪਰੰਤ ਕੀਰਤਨ ਕੀਤਾ। ਇਸ ਦੇ ਨਾਲ ਹੀ ਟੌਲ ਪਲਾਜ਼ਾ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਿਹਾ ਰੋਸ ਧਰਨਾ ਵੀ 155ਵੇਂ ਦਿਨ ’ਚ ਪਹੁੰਚ ਗਿਆ।
ਇਸ ਸਬੰਧੀ ਮਨਜੀਤ ਕੌਰ ਤੇ ਜਸਬੀਰ ਕੌਰ ਰਾਮਪੁਰਾ ਨੇ ਕਿਹਾ ਅੱਜ ਕਿਸਾਨ ਸੰਯੁਕਤ ਮੋਰਚੇ ਦੇ ਸੱਦੇ ਉੱਪਰ ਸਾਰੇ ਭਾਰਤ ’ਚ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਰੋਸ ਧਰਨਿਆਂ ਵਿਚ ਵੱਖ-ਵੱਖ ਪਿੰਡਾਂ ਤੋਂ ਭਾਰੀ ਗਿਣਤੀ ’ਚ ਪਹੁੰਚੀਆਂ ਬੀਬੀਆਂ ਨੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕੀਰਤਨ ਕਰਦਿਆਂ ਨਾਰੀ ਦਿਵਸ ਮਨਾਇਆ। ਇਸ ਮੌਕੇ ਬੇਬੇ ਨਾਨਕੀ ਜੀ, ਮਾਤਾ ਭਾਨੀ ਜੀ, ਮਾਤਾ ਗੁਜਰ ਕੌਰ ਜੀ ਦੀਆਂ ਕੁਰਬਾਨੀਆਂ ’ਤੇ ਪਹਿਰਾ ਦੇਣ ਲਈ ਸੰਕਲਪ ਲਿਆ। ਬੀਬੀਆਂ ਨੇ ਕਿਹਾ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨ ਰੱਦ ਕਰਵਾਉਣ ਤਕ ਆਪਣੇ ਬੱਚਿਆਂ ਸਣੇ ਦਿੱਲੀ ਦੇ ਮੋਰਚੇ ਵਿੱਚ ਡਟੀਆਂ ਰਹਿਣਗੀਆਂ।
ਇਸ ਮੌਕੇ ਦਵਿੰਦਰ ਸਿੰਘ ਚਾਟੀਵਿੰਡ ਜ਼ਿਲ੍ਹਾ ਪ੍ਰਧਾਨ, ਮੰਗਲ ਸਿੰਘ ਰਾਮਪੁਰਾ, ਅਨਮੋਲਕ ਸਿੰਘ, ਜੱਸਾ ਸਿੰਘ, ਕੁਲਜੀਤ ਕੌਰ, ਨਿਰਮਲਜੀਤ ਕੌਰ, ਨਰਿੰਦਰ ਕੌਰ, ਭੁਪਿੰਦਰ ਕੌਰ, ਲਖਵਿੰਦਰ ਕੌਰ, ਦਲਬੀਰ ਕੌਰ, ਮਨਜੀਤ ਕੌਰ, ਗੁਰਜੀਤ ਕੌਰ, ਬਲਜੀਤ ਕੌਰ, ਪਲਵਿੰਦਰ ਕੌਰ ਜਸਬੀਰ ਕੌਰ ਮੌਜੂਦ ਸਨ।
ਮਾਨਸਰ (ਮਨਪ੍ਰੀਤ ਸਿੰਘ): ਖੇਤੀ ਕਾਨੂੰਨਾਂ ਖਿਲਾਫ਼ ਮਾਨਸਰ ਟੌਲ ਪਲਾਜ਼ਾ ’ਤੇ ਲਾਏ ਧਰਨੇ ਦੇ 149 ਵੇਂ ਦਿਨ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਮੰਚ ਸੰਚਾਲਨ ਤੋਂ ਲੈ ਕੇ ਹੋਰ ਪ੍ਰਬੰਧਾਂ ਦੀ ਜ਼ਿੰਮੇਵਾਰੀ ਔਰਤਾਂ ਨੇ ਹੀ ਸੰਭਾਲੀ। ਸਵਿਤਾ ਕੁਮਾਰੀ, ਸੁਖਵਿੰਦਰ ਕੌਰ, ਨਿਰਮਲਾ ਦੇਵੀ, ਮਨਜਿੰਦਰ ਕੌਰ, ਦੀਕਸਾ ਮਹਾਜਨ ਆਦਿ ਨੇ ਕੇਂਦਰ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਨੂੰ ਮਨਜ਼ੂਰ ਨਹੀਂ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਔਰਤ-ਮਰਦ ਦਾ ਸਾਥ ਹਮੇਸ਼ਾ ਜਨਤਕ ਘੋਲਾਂ ਦਾ ਇਤਿਹਾਸ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਲੇ ਖੇਤੀ ਕਾਨੂੰਨ ਮੰਡੀ ਨੂੰ ਸਾਮਰਾਜੀ ਕਾਰਪੋਰੇਟਾਂ ਨੂੰ ਦੇਣ ਤੇ ਸਰਕਾਰੀ ਖ਼ਰੀਦ ਖ਼ਤਮ ਕਰਨ ਦੇ ਨਾਲ-ਨਾਲ ਜ਼ਖੀਰੇਬਾਜ਼ਾਂ ਨੂੰ ਅੰਨ੍ਹੀ ਲੁੱਟ ਕਰਨ ਦੀ ਖੁੱਲ੍ਹ ਦਿੰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਮਸਲਾ ਕਿਸਾਨਾਂ ਦਾ ਨਹੀਂ, ਸਾਡੀ ਹੋਂਦ ਦਾ ਹੈ, ਹੱਕਾਂ ਦਾ ਹੈ, ਗ਼ੈਰਤ ਦਾ ਹੈ ਤੇ ਇਸ ਲਈ ਪੰਜਾਬ ਨੂੰ ਬਚਾਉਣਾ ਸਾਰਿਆਂ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਦਾ ਕਿਸਾਨ-ਮਜ਼ਦੂਰ, ਛੋਟੇ ਦੁਕਾਨਦਾਰ, ਮੁਲਾਜ਼ਮ ਆੜ੍ਹਤੀ ਸਣੇ ਔਰਤਾਂ ਆਦਿ ’ਤੇ ਸਿੱਧਾ ਪ੍ਰਭਾਵ ਪੈਣਾ ਹੈ। ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਕਿਸਾਨੀ ਸੰਘਰਸ਼ ਦਿੱਲੀ ਦੀਆਂ ਸਰਹੱਦਾਂ ਤੋਂ ਅੱਗੇ ਤਾਂ ਵੱਧ ਸਕਦਾ ਹੈ ਪਰ ਪਿੱਛੇ ਨਹੀਂ ਹਟੇਗਾ। ਇਸ ਸਮੇਂ ਸਰਕਾਰ, ਅਡਾਨੀ ਤੇ ਅੰਬਾਨੀ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਚੋਹਲਾ ਸਾਹਿਬ (ਤੇਜਿੰਦਰ ਸਿੰਘ ਖਾਲਸਾ): ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿੱਚ ਪਰਮਜੀਤ ਕੌਰ ਚੰਬਾ ਅਤੇ ਰਣਜੀਤ ਕੌਰ ਰੂੜੀਵਾਲਾ ਦੀ ਪ੍ਰਧਾਨਗੀ ਹੇਠ ਕੌਮਾਂਤਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਇਕੱਠ ਕੀਤਾ ਗਿਆ। ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਆਗੂ ਪ੍ਰਗਟ ਸਿੰਘ ਚੰਬਾ ਨੇ ਕਿਹਾ ਕਿ ਦਿੱਲੀ ਮੋਰਚੇ ਵਿੱਚ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੈ। ਔਰਤਾਂ ਨੇ ਅੱਜ ਦੇ ਦਿਨ ਇਹ ਪ੍ਰਣ ਲਿਆ ਕੇ ਦਿੱਲੀ ਦੇ ਵੱਖ ਵੱਖ ਬਾਰਡਰਾਂ ’ਤੇ ਚੱਲ ਰਹੇ ਸੰਘਰਸ਼ ਨੂੰ ਜਿੱਤ ਕੇ ਹੀ ਸਾਹ ਲੈਣਗੀਆਂ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਸੰਯੁਕਤ ਕਿਸਾਨ ਮੋਰਚੇ ਵੱਲੋਂ ਗੜ੍ਹਸ਼ੰਕਰ ਮਾਰਗ ’ਤੇ ਸਥਿਤ ਕਰਾਵਰ (ਮਜਾਰੀ) ਟੌਲ ਪਲਾਜ਼ੇ ’ਤੇ ਅਤੇ ਬਲਾਚੌਰ-ਰੋਪੜ ਕੌਮੀ ਮਾਰਗ ’ਤੇ ਸਥਿਤ ਬੱਛੂਆਂ ਟੌਲ ਪਲਾਜ਼ੇ ’ਤੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਕਿਸਨ ਆਗੂਆਂ ਨੇ ਕਿਸਾਨਾਂ ਨੂੰ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਭਵਿੱਖ ਬਚਾਉਣ ਹਿਤ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਕਿਸਾਨ ਮੋਰਚੇ ’ਚ ਆਪਣੀ ਪੂਰੀ ਤਾਕਤ ਝੋਕਣ ਦਾ ਸੱਦਾ ਦਿੱਤਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਭੁਪਿੰਦਰ ਸਿੰਘ ਵੜੈਚ, ਕੁਲਵਿੰਦਰ ਸਿੰਘ ਵੜੈਚ ਅਤੇ ਗੁਰਬਖਸ਼ ਕੌਰ ਸੰਘਾ, ਦੁਆਬਾ ਕਿਸਾਨ ਯੂਨੀਅਨ ਦੇ ਆਗੂ ਹਰਮਿੰਦਰ ਸਿੰਘ ਫ਼ੌਜੀ, ਕੰਢੀ ਸੰਘਰਸ਼ ਕਮੇਟੀ ਦੇ ਕਾਮਰੇਡ ਕਰਨ ਸਿੰਘ ਰਾਣਾ ਅਤੇ ਕਾਮਰੇਡ ਮਹਾਂ ਸਿੰਘ ਰੌੜੀ ਅਤੇ ਇਫਟੂ ਦੇ ਸੂਬਾਈ ਆਗੂ ਗੁਰਦਿਆਲ ਰੱਕੜ ਨੇ ਕਿਹਾ ਕਿ ਜੇ ਮੌਜੂਦਾ ਕਿਸਾਨੀ ਘੋਲ ’ਚ ਕਿਸੇ ਤਰ੍ਹਾਂ ਦੀ ਢਿੱਲ-ਮੱਠ ਜਾਂ ਅਣਗਹਿਲੀ ਵਰਤੀ ਗਈ ਤਾਂ ਪੱਲੇ ਪਛਤਾਵਾ ਪਵੇਗਾ ਤੇ ਆਉਣ ਵਾਲੀਆਂ ਨਸਲਾਂ ਸਾਨੂੰ ਮੁਆਫ ਨਹੀਂ ਕਰਨਗੀਆਂ।
ਆਗੂਆਂ ਨੇ ਕਿਹਾ ਕਿ ਸਾਡੀ ਲੜਾਈ ਕੇਂਦਰ ਸਰਕਾਰ ਨਾਲ ਹੈ, ਜਿਸ ਦਾ ਮੁਕਾਬਲੇ ਲਈ ਹੋਸ਼ ਅਤੇ ਜਜ਼ਬੇ ਦੀ ਜ਼ਰੂਰਤ ਹੈ। ਇਸ ਮੌਕੇ ਕੁਲਵਿੰਦਰ ਸਿੰਘ ਸ਼ਹਾਬਪੁਰ, ਦਲਵੀਰ ਸਿੰਘ, ਮੋਹਨ ਸਿੰਘ ਜੈਨਪੁਰ, ਸੋਹਣ ਸਿੰਘ ਖੰਡੂਪੁਰ, ਹਰਭਜਨ ਸਿੰਘ ਰਾਣੇਵਾਲ ਟੱਪਰੀਆਂ ਅਤੇ ਹਰਬੰਸ ਸਿੰਘ ਆਦਿ ਪਤਵੰਤੇ ਵੀ ਹਾਜ਼ਰ ਸਨ।
ਮਨੁੱਖੀ ਕੜੀ ਬਣਾ ਕੇ ਖੇਤੀ ਕਾਨੂੰਨਾਂ ਦਾ ਵਿਰੋਧ
ਜਲੰਧਰ (ਪਾਲ ਸਿੰਘ ਨੌਲੀ): ਕੌਮਾਂਤਰੀ ਔਰਤ ਦਿਹਾੜੇ ਮੌਕੇ ਸਾਹਿਤਕ ਤੇ ਸੱਭਿਆਚਾਰਕ ਸੰਸਥਾ ਫੁਲਕਾਰੀ ਦੇ ਸੱਦੇ ’ਤੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਸਾਹਮਣੇ ਜੀਟੀ ਰੋਡ ’ਤੇ ਮਨੁੱਖੀ ਕੜੀ ਬਣਾ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ। ਇਸ ਸਮਾਗਮ ਵਿਚ ਲੇਖਕਾਂ ਵਲੋਂ ਸ਼ਹਿਰ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੇ ਹੱਥਾਂ ਵਿਚ ਤਖ਼ਤੀਆਂ ਤੇ ਬੈਨਰ ਆਦਿ ਫੜ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਾਹਿਤਕ ਤੇ ਸੱਭਿਆਚਾਰਕ ਮੰਚ ਦੇ ਪ੍ਰਧਾਨ ਸੁਰਜੀਤ ਜੱਜ ਅਤੇ ਜਨਰਲ ਸਕੱਤਰ ਮੱਖਣ ਮਾਨ ਨੇ ਲੇਖਕਾਂ ਅਤੇ ਅਗਾਂਹਵਧੂ ਵਿਅਕਤੀਆਂ ਨੂੰ ਜੀ ਆਇਆਂ ਕਿਹਾ। ਉਪਰੰਤ ਕੀਤੀ ਬੈਠਕ ਵਿਚ ਖੇਤੀ ਕਾਨੂੰਨਾਂ ਪ੍ਰਤੀ ਚਿੰਤਨ ਵੀ ਕੀਤਾ ਗਿਆ। ਇਸ ਮਨੁੱਖੀ ਕੜੀ ਵਿਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕਾਮਰੇਡ ਅਜਮੇਰ ਸਿੰਘ, ਮੀਤ ਪ੍ਰਧਾਨ ਕਾਮਰੇਡ ਸੀਤਲ ਸਿੰਘ ਸੰਘਾ, ਖਜ਼ਾਨਚੀ ਰਣਜੀਤ ਸਿੰਘ ਔਲਖ, ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਟਰੱਸਟੀ ਅਤੇ ਆਰਐੱਮਪੀਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਜਰਨਲਿਸਟ ਪ੍ਰੈੱਸ ਕਲੱਬ ਪੰਜਾਬ ਯੂਨਿਟ ਜਲੰਧਰ ਦੇ ਚੇਅਰਮੈਨ ਰਾਜੇਸ਼ ਕੁਮਾਰ, ਪ੍ਰਧਾਨ ਅਸ਼ੋਕ ਲਾਡੀ, ਜਨਰਲ ਸਕੱਤਰ ਮਨਜੀਤ ਕੇਸਰ, ਬਹੁਜਨ ਫਰੰਟ ਪੰਜਾਬ ਦੇ ਸੁਖਵਿੰਦਰ ਕੋਟਲੀ, ਰਮੇਸ਼ ਚੋਹਕਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਕਸ਼ਮੀਰ ਸਿੰਘ ਘੁੱਗਸ਼ੋਰ, ਹਰਿਸ਼ਨ ਸਿੰਘ ਬਾਵਾ, ਦੇਸ ਰਾਜ ਕਾਲੀ, ਬਲਬੀਰ ਪਰਵਾਨਾ, ਗੁਰਪ੍ਰੀਤ ਡੈਨੀ ਤੋਂ ਇਲਾਵਾ ਅਤੇ ਹੋਰ ਆਗੂ ਹਾਜ਼ਰ ਸਨ।