ਪਾਲ ਸਿੰਘ ਨੌਲੀ
ਜਲੰਧਰ, 5 ਫਰਵਰੀ
ਸ਼ਾਹਕੋਟ ਹਲਕੇ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੀ ਪਤਨੀ ਨੂੰ ਪਿੰਡਾਂ ਦੀਆਂ ਮਜ਼ਦੂਰ ਔਰਤਾਂ ਨੇ ਘੇਰ ਲਿਆ। ਸੱਤਾਧਾਰੀ ਧਿਰ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਝੱਲਣੀ ਪਈ ਕਿਉਂਕਿ ਰਾਜ ਕਰ ਰਹੀ ਪਾਰਟੀ ਤੋਂ ਲੋਕਾਂ ਨੂੰ ਵਾਅਦੇ ਪੂਰੇ ਹੋਣ ਦੀ ਜ਼ਿਆਦਾ ਆਸ ਹੁੰਦੀ ਹੈ।
ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਅੱਜ ਪਿੰਡ ਮਹਿਸਮਪੁਰ ਵਿੱਚ ਮਜ਼ਦੂਰ ਔਰਤਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਹੀ ਪਿੰਡ ਮੰਡਿਆਲਾ ਅਤੇ ਖੁਰਸ਼ੈਦਪੁਰ ਵਿੱਚ ਉਨ੍ਹਾਂ ਦੇ ਚੋਣ ਜਲਸੇ ਵਿੱਚ ਪਹੁੰਚ ਕੇ ਮਨਰੇਗਾ ਵਰਕਰਾਂ ਨੂੰ ਸੌ ਦਿਨ ਕੰਮ ਨਾ ਮਿਲਣ ਅਤੇ ਕੀਤੇ ਗਏ ਕੰਮ ਦੇ ਪੈਸੇ ਉਨ੍ਹਾਂ ਦੇ ਖਾਤਿਆਂ ਵਿੱਚ ਨਾ ਆਉਣ ਅਤੇ ਵਾਅਦੇ ਅਨੁਸਾਰ ਪੰਜ-ਪੰਜ ਮਰਲੇ ਦੇ ਪਲਾਟ ਤੇ ਦਲਿਤਾਂ ਨੂੰ ਤੀਜੇ ਹਿੱਸੇ ਦੀ ਜ਼ਮੀਨ ਨਾ ਮਿਲਣ ਦਾ ਕਾਰਨ ਪੁੱਛਿਆ ਗਿਆ।
ਪੇਂਡੂ ਮਜ਼ਦੂਰ ਯੂਨੀਅਨ ਦੀ ਆਗੂ ਬਲਜੀਤ ਕੌਰ ਮਾਨ ਅਤੇ ਸਕੱਤਰ ਬਖਸ਼ੋ ਖੁਰਸੈਦਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਵੀ ਕਈ ਪਿੰਡਾਂ ਵਿੱਚ ਘੇਰ ਕੇ ਉਨ੍ਹਾਂ ਤੋਂ ਸਵਾਲ ਪੁੱਛੇ ਜਾ ਰਹੇ ਹਨ ਕਿ ਜੇ ਸਰਕਾਰੀ ਸਕੂਲ ’ਚ ਵਿੱਦਿਆ ਅਤੇ ਸਰਕਾਰੀ ਇਲਾਜ ਲੋਕਾਂ ਨੂੰ ਮੁਫਤ ਮਿਲ ਰਿਹਾ ਹੈ ਤਾਂ ਹੁਣ ਤੱਕ ਪ੍ਰਾਈਵੇਟ ਅਦਾਰੇ ਤਾਂ ਬੰਦ ਹੋ ਜਾਣੇ ਚਾਹੀਦੇ ਸਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਦਿੱਲੀ ਵਿੱਚ ਘੱਟ ਗਿਣਤੀਆਂ ’ਤੇ ਹਮਲੇ ਹੋ ਰਹੇ ਸਨ ਤਾਂ ਕੇਜਰੀਵਾਲ ਨੇ ਤਿਰੰਗਾ ਲੈ ਕੇ ਸ਼ਾਂਤੀ ਯਾਤਰਾ ਕਿਉਂ ਨਹੀਂ ਕੱਢੀ? ਇਸਤਰੀ ਜਾਗ੍ਰਿਤੀ ਮੰਚ ਦੀ ਜ਼ਿਲ੍ਹਾ ਪ੍ਰਧਾਨ ਅਨੀਤਾ ਸੰਧੂ ਨੇ ਕਿਹਾ ਕਿ ਮਿਹਨਤਕਸ਼ ਔਰਤਾਂ ਵਿਚ ਪੈਦਾ ਹੋ ਰਹੀ ਚੇਤਨਾ ਕਾਰਨ ਔਰਤਾਂ ਹੁਣ ਮੂਕ ਦਰਸ਼ਕ ਨਹੀਂ ਬਣੀਆਂ ਰਹਿਣਗੀਆਂ।
ਫਗਵਾੜਾ (ਜਸਬੀਰ ਸਿੰਘ ਚਾਨਾ): ਫਗਵਾੜਾ ਤੋਂ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਨੂੰ ਉਸ ਸਮੇਂ ਹੁੰਗਾਰਾ ਮਿਲਿਆ ਜਦੋਂ 50 ਦੇ ਕਰੀਬ ਕਾਂਗਰਸੀ ਵਰਕਰਾਂ ਨੇ ਭਾਜਪਾ ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ। ਵਰਕਰਾਂ ਨੇ ਕਿਹਾ ਕਿ ਸ਼੍ਰੀ ਸਾਂਪਲਾ ਨੇਕ ਇਨਸਾਨ ਹਨ ਤੇ ਗਰੀਬ ਲੋਕਾਂ ਦੀ ਹਮੇਸ਼ ਬਾਹ ਫੜਦੇ ਹਨ। ਇਸ ਮੌਕੇ ਬੋਲਦਿਆਂ ਸ੍ਰੀ ਸਾਂਪਲਾ ਨੇ ਕਿਹਾ ਕਿ ਸੂਬੇ ’ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ’ਤੇ ਫਗਵਾੜਾ ਦੇ ਸਬਜ਼ੀ ਵਿਕਰੇਤਾਵਾਂ ਨੂੰ ਦਰਪੇਸ਼ ਮੁਸ਼ਕਲਾਂ ਪਹਿਲ ਦੇ ਅਧਾਰ ਉੱਤੇ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਭਾਜਪਾ ਵਿੱਚ ਸ਼ਾਮਲ ਹੋਏ ਕਾਂਗਰਸੀ ਵਰਕਰਾਂ ਦਾ ਸਵਾਗਤ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀ ਹਰ ਮੁਸ਼ਕਲ ਵਿੱਚ ਸਾਥ ਦੇਣਗੇ। ਭਾਜਪਾ ਆਗੂਆਂ ਸੰਜੀਵ ਤਲਵਾੜ, ਮੁਕੇਸ਼ ਗੋਇਲ, ਰਾਜੀਵ ਪੂਰੀ, ਅਨਿਲ ਕੌਸ਼ਲ ਦੀ ਹਾਜ਼ਰੀ ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲਿਆਂ ’ਚ ਰਾਜੀਵ ਪਾਹਵਾ, ਸੰਜੀਵ ਸੋਂਧੀ, ਸਮੀਰ ਸੋਂਧੀ, ਦੀਪਕ ਸੋਂਧੀ, ਬਬੂ ਖੁਰਾਣਾ, ਓਮ ਪ੍ਰਕਾਸ਼ ਸੋਂਧੀ, ਸ਼ਿਵ ਰਾਜ, ਪੰਕਜ ਚਾਵਲਾ, ਨਿਸ਼ਾਂਤ ਸੋਂਧੀ ਸ਼ਾਮਲ ਸਨ।
ਚੋਣ ਪ੍ਰਚਾਰ ਦੌਰਾਨ ਕਾਂਗਰਸੀ ਕੌਂਸਲਰ ਤੇ ਹੋਰਨਾਂ ’ਤੇ ਹਮਲਾ; ਕੇਸ ਦਰਜ
ਪਠਾਨਕੋਟ (ਐੱਨਪੀ ਧਵਨ) : ਕਾਂਗਰਸ ਪਾਰਟੀ ਦੇ ਕਾਰਪੋਰੇਟਰ ਨਿਤਿਨ ਮਹਾਜਨ ਲਾਡੀ ਅਤੇ ਉਸ ਦੇ ਸਾਥੀਆਂ ’ਤੇ ਬੀਤੀ ਦੇਰ ਸ਼ਾਮ ਨੂੰ ਕੁੱਝ ਲੋਕਾਂ ਵੱਲੋਂ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਗਿਆ। ਪੁਲੀਸ ਨੇ ਇਸ ਸਬੰਧ ਵਿੱਚ ਅਭਿਅਮ ਸ਼ਰਮਾ, ਸੰਜੂ ਮਹਿਤਾ ਅਤੇ ਹੋਰਨਾਂ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਨਿਤਿਨ ਮਹਾਜਨ ਲਾਡੀ ਨੇ ਦੱਸਿਆ ਕਿ ਉਸ ਦਾ ਬੱਸ ਅੱਡੇ ਦੇ ਕੋਲ ਸਤਿਅਮ ਹੋਟਲ ਹੈ। ਉਹ ਬੀਤੀ ਸ਼ਾਮ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਿਤ ਵਿੱਜ ਦੇ ਨਾਲ ਆਪਣੇ ਹੋਟਲ ਦੇ ਸਾਹਮਣੇ ਡੋਰ-ਟੂ-ਡੋਰ ਪ੍ਰਚਾਰ ਕਰ ਰਿਹਾ ਸੀ। ਇਸ ਦੌਰਾਨ ਅਭਿਅਮ ਸ਼ਰਮਾ, ਜੋ ਕਿ ਐੱਨਐੱਸਯੂਆਈ ਦਾ ਆਗੂ ਹੈ, ਨੇ ਉਸ ਨਾਲ ਬਹਿਸਬਾਜ਼ੀ ਕਰਨ ਲੱਗ ਪਿਆ। ਇਸ ਮਗਰੋਂ ਉਸ ਦਾ ਇੱਕ ਹੋਰ ਸਾਥੀ ਸੰਜੂ ਮਹਿਤਾ ਵੀ ਆ ਗਿਆ ਤੇ ਆਉਂਦੇ ਸਾਰ ਉਸ ਨੇ ਪਿੱਛੋਂ ਦੀ ਚਪੇੜ ਮਾਰ ਦਿੱਤੀ। ਨਿਤਿਨ ਉਸ ਕੋਲੋਂ ਚਪੇੜ ਮਾਰਨ ਦਾ ਕਾਰਨ ਪੁੱਛਣ ਲੱਗਾ ਤਾਂ ਉਹ ਵੀ ਬਹਿਸ ’ਤੇ ਉਤਰ ਆਇਆ। ਲੋਕਾਂ ਨੇ ਦਖਲਅੰਦਾਜ਼ੀ ਕਰਕੇ ਦੋਹਾਂ ਧਿਰਾਂ ਨੂੰ ਅਲੱਗ ਕਰਕੇ ਸ਼ਾਂਤ ਕਰ ਦਿੱਤਾ। ਬਾਅਦ ਵਿੱਚ ਉਹ ਆਪਣੇ ਹੋਟਲ ਆ ਗਿਆ ਤਾਂ ਕਰੀਬ 10 ਮਿੰਟ ਬਾਅਦ ਅਭਿਅਮ ਸ਼ਰਮਾ ਤੇ ਸੰਜੂ ਸ਼ਰਮਾ ਆਪਣੇ ਨਾਲ 5-6 ਹੋਰ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਨਾਲ ਲੈ ਆਏ। ਉਹ ਹੋਟਲ ਅੰਦਰ ਦਾਖਲ ਹੋਣ ਲੱਗੇ ਤਾਂ ਉਸ ਦੇ ਡਰਾਈਵਰ ਬੁੱਧੀ ਸਿੰਘ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ’ਤੇ ਮੁਲਜ਼ਮਾਂ ਨੇ ਡਰਾਈਵਰ ਉਪਰ ਵੀ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ ਤੇ ਫਿਰ ਹੋਟਲ ਦੇ ਮੈਨੇਜਰ ਆਸ਼ੂ ਸ਼ਰਮਾ ਦੀ ਵੀ ਕਥਿਤ ਮਾਰਕੁੱਟ ਕਰਕੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ। ਲੋਕਾਂ ਦੇ ਇਕੱਤਰ ਹੋ ਜਾਣ ’ਤੇ ਉਹ ਸਾਰੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਏਐੱਸਆਈ ਦਲਬੀਰ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।