ਪੱਤਰ ਪ੍ਰੇਰਕ
ਪਠਾਨਕੋਟ, 8 ਸਤੰਬਰ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਹਲਕਾ ਭੋਆ ਦੇ ਪਿੰਡ ਕਿੱਲਪੁਰ ਵਿੱਚ ਨਾਗਪੰਚਮੀ ਦੇ ਇੱਕ ਧਾਰਮਿਕ ਮੇਲੇ ਵਿੱਚ ਸ਼ਾਮਲ ਹੋਣ ਅਤੇ ਬਾਬਾ ਸੁਰਗਲ ਦੇ ਸਥਾਨ ’ਤੇ ਨਤਮਸਤਕ ਹੋਣ ਮਗਰੋਂ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਮਗਰੋਂ ਹੁਣ ਕਾਫੀ ਤਬਦੀਲੀ ਹੋਈ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜਿਸ ਦਾ ਸਿੱਟਾ ਇਹ ਹੈ ਕਿ ਹਾਕੀ, ਕਬੱਡੀ, ਕ੍ਰਿਕਟ, ਮਹਿਲਾ ਕ੍ਰਿਕਟ ਆਦਿ ਦੀਆਂ ਟੀਮਾਂ ਦੇ ਕਪਤਾਨ ਪੰਜਾਬ ਦੇ ਬੱਚੇ ਹਨ। ਉਨ੍ਹਾਂ ਕਿਹਾ, ‘ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨ ਸਮਾਜਿਕ ਅਤੇ ਸਭਿਆਚਾਰਕ ਕੰਮਾਂ ਵਿੱਚ ਵੱਧ ਤੋਂ ਵੱਧ ਲੱਗਣ।’ ਇਸ ਮੌਕੇ ਬਲਾਕ ਪ੍ਰਧਾਨ ਸੂਬੇਦਾਰ ਕੁਲਵੰਤ ਸਿੰਘ ਤੇ ਸੰਦੀਪ ਕੁਮਾਰ, ਸਾਹਿਲ ਕੁਮਾਰ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
ਬਾਅਦ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਪਿੰਡ ਫਰਵਾਲ ਵਿਖੇ ਬਣਾਏ ਜਾਣ ਵਾਲੇ ਜੰਝਘਰ ਵਿੱਚ ਮੌਕਾ ਦੇਖਣ ਪੁੱਜੇ। ਉਥੇ 20-25 ਸਾਲ ਪਹਿਲਾਂ ਦਾ ਇੱਕ ਪੁਰਾਣਾ ਜੰਝਘਰ ਹੈ ਜੋ ਖੰਡਰ ਬਣ ਚੁੱਕਾ ਹੈ। ਹੁਣ ਉਥੇ ਨਵਾਂ ਜੰਝਘਰ ਉਸਾਰਿਆ ਜਾਣਾ ਹੈ।