ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ
ਇਥੇ ਪਿਛਲੀਆਂ ਦੋ ਬੈਠਕਾਂ ਤੋਂ ਨਗਰ ਕੌਂਸਲ ਦੇ ਕਾਂਗਰਸੀ ਪ੍ਰਧਾਨ ਅਤੇ ਕਾਂਗਰਸੀ ਕੌਂਸਲਰਾਂ ਵਿਚਾਲੇ ਪੈਦਾ ਹੋਇਆ ਤਕਰਾਰ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ, ਜਿਸ ਕਾਰਨ ਅੱਜ ਦੀ ਬੈਠਕ ਵਿੱਚੋਂ ਤਿੰਨ ਕਾਂਗਰਸੀ ਕੌਂਸਲਰ ਗੁਰਿੰਦਰ ਸਿੰਘ ਬਾਵਾ ਕੋਕੀ, ਤੇਜਿੰਦਰ ਸਿੰਘ ਜਿੰਮੀ ਬਰਾੜ ਅਤੇ ਯਾਦਵਿੰਦਰ ਸਿੰਘ ਯਾਦੂ ਸਣੇ ਸ਼੍ਰੋਮਣੀ ਅਕਾਲੀ ਦਲ ਦੇ ਅੱਠ ਕੌਂਸਲਰ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ਮੀ ਤੇਹਰੀਆ ਉਪਰ ਪੱਖਪਾਤ ਦਾ ਦੋਸ਼ ਲਾਉਂਦੇ ਹੋਏ ਵਾਕਆਊਟ ਕਰ ਗਏ। ਦੱਸਣਯੋਗ ਹੈ ਕਿ 31 ਮੈਂਬਰੀ ਕੌਂਸਲ ਵਿੱਚ ਅੱਜ 30 ਮੈਂਬਰ ਹਾਜ਼ਰ ਹੋਏ ਜਿਨ੍ਹਾਂ ਵਿੱਚੋਂ 12 ਦੇ ਵਾਕਆਊਟ ਕਰਨ ਦੇ ਬਾਵਜੂਦ ਕੋਰਮ ਪੂਰਾ ਹੋਣ ਉਪਰੰਤ ਕੌਂਸਲ ਪ੍ਰਧਾਨ ਲਈ ਨਵੀਂ ਇਨੋਵਾ ਗੱਡੀ ਖਰੀਦ ਕਰਨ ਸਣੇ ਕਈ ਮਤੇ ਪਾਸ ਕਰ ਦਿੱਤੇ ਗਏ। ਨਰਾਜ਼ ਧੜੇ ਦੇ ਜਿੰਮੀ ਬਰਾੜ ਤੇ ਯਾਦੂ ਨੇ ਦੱਸਿਆ ਕਿ ਉਨ੍ਹਾਂ ਨੂੰ ਨਾਂ ਤਾਂ ਮਤੇ ਪਾਉਣ ਵੇਲੇ ਪੁੱਛਿਆ ਜਾਂਦਾ ਹੈ ਅਤੇ ਨਾ ਹੀ ਟੈਂਡਰ ਪਾਸ ਕਰਨ ਸਮੇਂ। ਉਨ੍ਹਾਂ ਦੇ ਵਾਰਡਾਂ ’ਚ ਕੋਈ ਕੰਮ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ 12 ਕਰੋੜ ਦੇ ਪਾਸ ਕੀਤੇ ਟੈਂਡਰਾਂ ’ਚ ਉਨ੍ਹਾਂ ਦੇ ਵਾਰਡਾਂ ਨੂੰ ਕੁਝ ਵੀ ਨਹੀਂ ਦਿੱਤਾ ਗਿਆ। ਇਸ ਦੌਰਾਨ ਅਕਾਲੀ ਦਲ ਦੀ ਕੌਂਸਲਰ ਮਨਜੀਤ ਕੌਰ ਬੈਠਕ ਵਿੱਚ ਹਾਜ਼ਰ ਰਹੀ। ਪ੍ਰਧਾਨ ਸ਼ਮ੍ਹੀ ਤੇਹਰੀਆ ਨੇ ਕਿਹਾ ਕਿ ਉਹ ਕਿਸੇ ਨਾਲ ਕੋਈ ਭੇਤਭਾਵ ਨਹੀਂ ਕਰਦੇ ਸਗੋਂ ਸ਼ਹਿਰ ਦੇ ਹਰ ਹਿੱਸੇ ਦਾ ਇਕ ਸਮਾਨ ਵਿਕਾਸ ਕਰ ਰਹੇ ਹਨ ਇਥੋਂ ਤੱਕ ਕਿ ਅਕਾਲੀ ਦਲ ਦੇ ਕੌਂਸਲਰਾਂ ਦੇ ਵਾਰਡਾਂ ਦਾ ਵੀ ਵਿਕਾਸ ਕੀਤਾ ਜਾ ਰਿਹਾ ਹੈ। ਪੱਖਪਾਤ ਦੇ ਦੋਸ਼ ਨਿਰਆਧਾਰ ਹਨ। ਇਨੋਵਾ ਖਰੀਦ ਕਰਨ ਸਮੇਂ ਹੋਰ ਕਈ ਮਤੇ ਪਾਸ ਕਰ ਦਿੱਤੇ ਹਨ।