ਪੱਤਰ ਪੇ੍ਰਕ
ਲੰਬੀ, 23 ਨਵੰਬਰ
ਹਰਿਆਣਾ ਦੀ ਹੱਦ ’ਤੇ ਪੈਂਦੇ ਜਵਾਹਰ ਨਵੋਦਿਆ ਵਿਦਿਆਲਿਆ ਵੜਿੰਗਖੇੜਾ ਵਿਖੇ ਅੱਜ ਅੱਠਵੀਂ ਅਤੇ ਨੌਵੀਂ ਜਮਾਤ ਦੇ 13 ਵਿਦਿਆਰਥੀ ਕਰੋਨਾ ਪਾਜ਼ੇਟਿਵ ਪਾਏ ਗਏ। ਪਹਿਲਾਂ ਸ਼ਨਿਚਰਵਾਰ ਨੂੰ ਅੱਠਵੀਂ ਜਮਾਤ ਦੀ 12 ਸਾਲਾ ਵਿਦਿਆਰਥਣ ਪਾਜ਼ੇਟਿਵ ਪਾਈ ਗਈ ਸੀ। ਬੀ.ਡੀ.ਪੀ.ਓ. ਰਾਕੇਸ਼ ਬਿਸ਼ਨੋਈ ਅਤੇ ਸਿਹਤ ਵਰਕਰ ਸਵਰਨ ਸਿੰਘ ਅਤੇ ਹੋਰ ਅਮਲੇ ਨੇ ਵਿਦਿਆਲਿਆ ’ਚ ਪੁੱਜ ਕੇ ਵਿਦਿਆਰਥਣਾਂ ਨੂੰ ਜੂਨੀਅਨ-1 ਹੋਸਟਲ ਅਤੇ ਵਿਦਿਆਰਥੀਆਂ ਨੂੰ ਵੱਖਰਾ ਏਕਾਂਤਵਾਸ ਕੀਤਾ ਹੈ। ਸਿਹਤ ਅਮਲੇ ਨੇ ਉਨ੍ਹਾਂ ਨੂੰ ਫਤਿਹ ਕਿੱਟਾਂ ਵੰਡੀਆਂ। ਅੱਜ ਅੱਠਵੀਂ ਜਮਾਤ ਵਿੱਚੋਂ 11 ਵਿਦਿਆਰਥਣਾਂ ਅਤੇ ਨੌਵੀਂ ਜਮਾਤ ਦੇ ਦੋ ਵਿਦਿਆਰਥੀ ਪਾਜ਼ੇਟਿਵ ਆਏ ਹਨ। ਦੋਵੇਂ ਜਮਾਤਾਂ ਦੀ ਪੜਾਈ ਹਾਲ ਦੀ ਘੜੀ ਬੰਦ ਕਰ ਦਿੱਤੀ ਗਈ ਹੈ। ਵਿਦਿਆਲਿਆ ’ਚ ਪੰਜ ਸੌ ਹੋਸਟਲਰ ਵਿਦਿਆਰਥੀ ਹਨ। ਬੀਤੇ ਸ਼ਨਿਚਰਵਾਰ ਨੂੰ ਇੱਕ ਵਿਦਿਆਰਥਣ ਦੀ ਰਿਪੋਰਟ ਆਉਣ ’ਤੇ 245 ਵਿਦਿਆਰਥੀਆਂ ਦੇ ਕਰੋਨਾ ਸੈਂਪਲ ਲਏ ਗਏ ਸਨ ਜਿਨ੍ਹਾਂ ਵਿੱਚੋਂ ਡੇਢ ਸੌ ਵਿਦਿਆਰਥੀਆਂ ਦੀ ਰਿਪੋਰਟ ਆਈ ਸੀ। ਜਦੋਂਕਿ 95 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਪਿ੍ੰਸੀਪਲ ਐਸ.ਕੇ ਠਾਕੁਰ ਨੇ ਕਿਹਾ ਕਿ ਪ੍ਰਸ਼ਾਸਨ ਦੀਆਂ ਹਦਾਇਤਾਂ ’ਤੇ ਲੋੜੀਂਦੀ ਕਾਰਵਾਈ ਕੀਤੀ ਹੈ। ਡਿਪਟੀ ਕਮਿਸ਼ਨਰ ਐਚ.ਐਸ ਸੂਦਨ ਨੇ ਕਿਹਾ ਕਿ ਸਕੂਲ ’ਚ ਮਾਈਕ੍ਰੋ ਕੰਟੇਨਮੈਂਟ ਜੋਨ ਬਣਾ ਕੇ ਪਾਜ਼ੇਟਿਵ ਵਿਦਿਆਰਥੀਆਂ ਨੂੰ ਦੋ ਵੱਖ-ਵੱਖ ਹੋਸਟਲਾਂ ’ਚ ਏਕਾਂਤਵਾਸ ਕੀਤਾ ਹੈ। ਰਿਪੋਰਟ ਆਉਣ ਤੋਂ ਪਹਿਲਾਂ ਘਰ ਜਾ ਚੁੱਕੇ ਚਾਰ ਵਿਦਿਆਰਥੀਆਂ ਦੇ ਘਰਾਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ’ਚ ਤਬਦੀਲ ਕੀਤਾ ਗਿਆ ਹੈ। ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ।