ਪੱਤਰ ਪ੍ਰੇਰਕ
ਲੰਬੀ, 2 ਅਕਤੂਬਰ
ਭਾਕਿਯੂ ਸਿੱਧੂਪੁਰ ਵੱਲੋਂ ਕੱਲ ਮੰਡੀ ਕਿੱਲਿਆਂਵਾਲੀ ’ਚ ਮੰਡੀ ਬੋਰਡ ਨਾਕੇ ’ਤੇ ਪਰਮਲ ਝੋਨੇ ਦੇ ਖ਼ਦਸ਼ੇ ਤਹਿਤ ਰੋਕੇ ਦਿੱਲੀਓਂ ਆਏ ਝੋਨੇ ਦੇ ਭਰੇ ਟਰੱਕਾਂ ਵਿੱਚ ਵਿਭਾਗੀ ਪੜਤਾਲ ਦੌਰਾਨ ਬਿੱਲ-ਬਿਲਟੀ ਮੁਤਾਬਕ 1509 ਬਾਸਮਤੀ ਝੋਨਾ ਹੀ ਪਾਇਆ ਗਿਆ। ਪੰਜਾਬ ਸਰਕਾਰ ਦੇ ਬਾਹਰੀ ਝੋਨੇ ਪ੍ਰਤੀ ਸਖ਼ਤ ਰੁਖ ਅਤੇ ਸਿੱਧੂਪੁਰ ਯੂਨੀਅਨ ਦੇ ਕਿਸਾਨਾਂ ਦੇ ਖ਼ਦਸ਼ੇ ਦੇ ਮੱਦੇਨਜ਼ਰ ਅੱਜ ਮਾਰਕੀਟ ਕਮੇਟੀ ਮਲੋਟ ਦੇ ਸਕੱਤਰ ਸ਼ਮਸ਼ੇਰ ਸਿੰਘ ਅਤੇ ਚੌਕੀ ਕਿੱਲਿਆਂਵਾਲੀ ਦੇ ਮੁਖੀ ਪ੍ਰਿਤਪਾਲ ਸਿੰਘ ਸੋਨੀ ਦੀ ਹਾਜ਼ਰੀ ਵਿੱਚ ਦੋਵੇਂ ਟਰੱਕ ਖਾਲੀ ਕਰਵਾਏ ਗਏ। ਜਿਸ ਨੂੰ ਭਾਕਿਯੂ ਸਿੱਧੂਪੁਰ ਦੇ ਬਲਾਕ ਪ੍ਰਧਾਨ ਅਵਤਾਰ ਸਿੰਘ ਮਿਠੜੀ ਅਤੇ ਹਰਭਗਾਨ ਸਿੰਘ ਲੰਬੀ ਆਦਿ ਦੀ ਮੌਜੂਦਗੀ ’ਚ ਪੜਤਾਲਿਆ ਗਿਆ, ਜੋ ਕਿ 1509 ਬਾਸਮਤੀ ਸੀ। ਕਿਸਾਨਾਂ ਨੂੰ ਯਕੀਨ ਆਉਣ ਮਗਰੋਂ ਮਾਰਕੀਟ ਕਮੇਟੀ ਸਕੱਤਰ ਨੇ ਟਰੱਕਾਂ ਵਾਲਿਆਂ ਨੂੰ ਝੋਨਾ ਮੁੜ ਲੱਦਣ ਦੀ ਇਜਾਜ਼ਤ ਦੇ ਦਿੱਤੀ। ਦੂਜੇ ਪਾਸੇ ਸ਼ੈਲਰ ਧਿਰ ਦੇ ਸੂਤਰਾਂ ਦਾ ਕਹਿਣਾ ਸੀ ਕਿ ਕਿਸਾਨਾਂ ਦਾ ਖ਼ਦਸ਼ਾ ਉਨ੍ਹਾਂ ਨੂੰ ਅੱਠ ਹਜ਼ਾਰ ਰੁਪਏ ਵਿੱਚ ਪੈ ਗਿਆ।