ਦੇਵਿੰਦਰ ਮੋਹਨ ਬੇਦੀ
ਗਿੱਦੜਬਾਹਾ, 12 ਨਵੰਬਰ
ਇੱਥੇ ਮਲੋਟ ਰੋਡ ਸਥਿਤ ਗਗਨ ਪੈਲੇਸ ਨੇੜੇ ਅੱਜ ਸਵੇਰੇ ਸਵਾਰੀਆਂ ਨਾਲ ਭਰੀ ਕਰੂਜ਼ਰ ਗੱਡੀ (ਨੰ. ਪੀ.ਬੀ. 05 ਟੀ- 9396) ਨੇ ਅੱਗੇ ਜਾ ਰਹੇ ਟਰਾਲੇ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਕਰੂਜ਼ਰ ਗੱਡੀ ਦੇ ਡਰਾਈਵਰ ਸਮੇਤ 17 ਔਰਤਾਂ ਜ਼ਖ਼ਮੀ ਹੋ ਗਈਆਂ ਅਤੇ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਸੂਚਨਾ ਮਿਲਣ ’ਤੇ ਐਂਬੂਲੈਂਸ 108 ਤੋਂ ਇਲਾਵਾ ਸ਼ਮਿੰਦਰ ਸਿੰਘ ਮੰਗਾ ਸੇਵਾਦਾਰ ਵਿਵੇਕ ਆਸ਼ਰਮ ਅਤੇ ਰਾਹਤ ਫਾਊਂਡੇਸ਼ਨ ਦੀ ਐਂਬੂਲੈਂਸ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਪਹੁੰਚਾਇਆ।
ਇਸ ਸਬੰਧੀ ਕਰੂਜ਼ਰ ਦੇ ਡਰਾਈਵਰ ਰੁਪਿੰਦਰਜੀਤ ਸਿੰਘ ਵਾਸੀ ਤਲਵੰਡੀ ਸਾਬੋ ਨੇ ਦੱਸਿਆ ਕਿ ਉਹ ਗਰਗ ਧਾਗਾ ਮਿੱਲ ਬਠਿੰਡਾ ਵਿੱਚ ਕੰਮ ਕਰਨ ਵਾਲੀਆਂ ਵੱਖ ਵੱਖ ਪਿੰਡਾਂ ਦੀਆਂ ਔਰਤਾਂ ਨੂੰ ਲੈ ਕੇ ਮਲੋਟ ਤੋਂ ਬਠਿੰਡਾ ਜਾ ਰਿਹਾ ਸੀ ਅਤੇ ਜਦ ਗਿੱਦੜਬਾਹਾ ਸਥਿਤ ਗਗਨ ਪੈਲੇਸ ਦੇ ਨਜ਼ਦੀਕ ਪੁੱਜਾ ਤਾਂ ਅੱਗੇ ਜਾ ਰਹੇ ਟਰਾਲੇ ਨੇ ਅਚਾਨਕ ਬਰੇਕ ਲਗਾ ਦਿੱਤੀ ਜਿਸ ਕਾਰਨ ਕਰੂਜ਼ਰ ਦੀ ਟਰਾਲੇ ਦੇ ਪਿਛਲੇ ਪਾਸੇ ਟੱਕਰ ਹੋ ਗਈ। ਸੂਚਨਾ ਮਿਲਣ ਤੇ ਗਰਗ ਧਾਗਾ ਮਿੱਲ ਦੇ ਰਾਜੇਸ਼ ਕੁਮਾਰ ਅਤੇ ਵਾਲੀਆ ਨੇ ਹਸਪਤਾਲ ਪੁੱਜ ਕੇ ਜ਼ਖਮੀਆਂ ਦੀ ਸਾਂਭ ਸੰਭਾਲ ਕੀਤੀ। ਇਸ ਸਬੰਧੀ ਹਸਪਤਾਲ ਦੇ ਡਿਊਟੀ ਡਾਕਟਰ ਅੰਕੁਸ਼ ਨੇ ਦੱਸਿਆ ਕਿ ਹਾਦਸੇ ਦੇ 17 ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਜਿਨ੍ਹਾਂ ਵਿੱਚੋਂ 4 ਗੰਭੀਰ ਜ਼ਖ਼ਮੀ ਔਰਤਾਂ ਨੂੰ ਇਲਾਜ ਲਈ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਹੈ ਅਤੇ ਬਾਕੀ ਜ਼ਖਮੀ ਔਰਤਾਂ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।