ਪੱਤਰ ਪ੍ਰੇਰਕ
ਅਬੋਹਰ, 18 ਅਪਰੈਲ
ਉਪ ਮੰਡਲ ਦੇ ਪਿੰਡ ਕਾਲਾ ਟਿੱਬਾ ਦੀ ਇਕ ਢਾਣੀ ਨੇੜੇ ਤਿੰਨ ਕਿਸਾਨਾਂ ਵੱਲੋਂ ਠੇਕੇ ’ਤੇ ਬੀਜੀ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਈ। ਕਿਸਾਨਾਂ ਨੇ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਤਾਂ ਗੱਡੀਆਂ ਨੇ ਆ ਕੇ ਅੱਗ ’ਤੇ ਕਾਬੂ ਪਾਇਆ। ਇਸ ਘਟਨਾ ਵਿੱਚ ਕਿਸਾਨਾਂ ਦਾ ਹਜ਼ਾਰਾਂ ਦਾ ਨੁਕਸਾਨ ਹੋਇਆ ਹੈ। ਕਿਸਾਨ ਰਣਜੀਤ ਸਿੰਘ ਵਾਸੀ ਅਜ਼ੀਮਗੜ੍ਹ ਨੇ ਦੱਸਿਆ ਕਿ ਉਸ ਨੇ 4 ਏਕੜ, ਕਿਸਾਨ ਲਕਸ਼ਮਣ ਸਿੰਘ ਨੇ 8 ਏਕੜ, ਸੁਭਾਸ਼ ਨੇ 8 ਏਕੜ ਜ਼ਮੀਨ ਸੁਮਿੰਦਰ ਪਾਲ ਵਾਸੀ ਕਾਲਾ ਟਿੱਬਾ ਤੋਂ ਠੇਕੇ ’ਤੇ ਲਈ ਸੀ। ਅੱਜ ਸਵੇਰੇ ਟਰਾਂਸਫਾਰਮਰ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਨਿਕਲੀ ਚੰਗਿਆੜੀ ਕਾਰਨ ਕਣਕ ਨੂੰ ਅੱਗ ਲੱਗ ਗਈ। ਅੱਗ ਨਾਲ ਤਿੰਨਾਂ ਕਿਸਾਨਾਂ ਦੀ ਕਰੀਬ 20 ਏਕੜ ਫਸਲ ਸੜ ਕੇ ਸੁਆਹ ਹੋ ਗਈ। ਲੋਕਾਂ ਨੇ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਐੱਸ.ਡੀ.ਐਮ. ਅਮਿਤ ਗੁਪਤਾ ਨੇ ਦੱਸਿਆ ਕਿ ਜਾਂਚ ਮਗਰੋਂ ਸਰਕਾਰ ਨੂੰ ਮੁਆਵਜ਼ੇ ਬਾਰੇ ਲਿਖਿਆ ਜਾਵੇਗਾ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ) ਅੱਗ ਲੱਗਣ ਕਾਰਨ ਪਿੰਡ ਲੋਪੋ ਦੇ ਠਾਣਾ ਸਿੰਘ ਦੀ ਦੋ ਏਕੜ ਕਣਕ ਤੇ ਚਾਰ ਏਕੜ ਟਾਂਗਰ ਅੱਗ ਲੱਗਣ ਨਾਲ ਸੜ ਗਿਆ। ਮੋਗਾ ਦੀ ਸਰਕਾਰੀ ਗੱਡੀ, ਸੰਤ ਆਸ਼ਰਮ ਗਊਸ਼ਾਲਾ ਬੱਧਨੀਂ ਕਲਾਂ ਦੀ ਅੱਗ ਬੁਝਾਊ ਗੱਡੀ ਤੇ ਲੋਕਾਂ ਦੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾ ਕੇ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਇਆ।