ਜਸਵੰਤ ਜੱਸ
ਫਰੀਦਕੋਟ, 29 ਜਨਵਰੀ
ਫਰੀਦਕੋਟ ਪੁਲੀਸ ਨੇ ਲੁਧਿਆਣਾ ਦੇ ਤਿੰਨ ਟਰੈਵਲਰ ਏਜੰਟਾਂ ਖ਼ਿਲਾਫ਼ ਕਥਿਤ ਤੌਰ ’ਤੇ ਇੱਕ ਨੌਜਵਾਨ ਨੂੰ ਜਾਅਲੀ ਵੀਜ਼ਾ ਦੇ ਕੇ ਉਸ ਤੋਂ 25 ਲੱਖ ਰੁਪਏ ਠੱਗਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਸੂਚਨਾ ਅਨੁਸਾਰ ਗੁਰਮੀਤ ਸਿੰਘ ਵਾਸੀ ਹੰਡਿਆਇਆ ਜ਼ਿਲ੍ਹਾ ਬਰਨਾਲਾ ਕੈਨੇਡਾ ਜਾਣ ਦਾ ਇੱਛੁਕ ਸੀ। ਜਿਸ ਨੂੰ ਵਿਦੇਸ਼ ਭੇਜਣ ਬਦਲੇ ਟਰੈਵਲਰ ਏਜੰਟ ਸੁਖਵਿੰਦਰ ਸਿੰਘ, ਜਸਮੇਲ ਸਿੰਘ ਅਤੇ ਬਲਵਿੰਦਰ ਸਿੰਘ ਵਾਸੀ ਲੁਧਿਆਣਾ ਨੇ ਕਥਿਤ ਤੌਰ ’ਤੇ ਗੁਰਮੀਤ ਸਿੰਘ ਤੋਂ 25 ਲੱਖ ਰੁਪਏ ਲੈ ਕੇ ਉਸ ਨੂੰ ਥਾਈਲੈਂਡ ਭੇਜ ਦਿੱਤਾ ਅਤੇ ਭਰੋਸਾ ਦਿੱਤਾ ਕਿ ਉੱਥੋਂ ਅੱਗੇ ਉਹ ਕੈਨੇਡਾ ਚਲਾ ਜਾਵੇਗਾ।
ਗੁਰਮੀਤ ਸਿੰਘ ਜਦੋਂ ਥਾਈਲੈਂਡ ਤੋਂ ਕੈਨੇਡਾ ਦੀ ਉਡਾਨ ਭਰਨ ਲੱਗਾ ਤਾਂ ਉਸ ਨੂੰ ਏਅਰਪੋਰਟ ’ਤੇ ਰੋਕ ਲਿਆ ਗਿਆ ਅਤੇ ਪੜਤਾਲ ਦੌਰਾਨ ਪਤਾ ਲੱਗਾ ਕਿ ਕੈਨੇਡਾ ਦਾ ਵੀਜ਼ਾ ਜਾਅਲੀ ਹੈ ਜਿਸ ਕਰਕੇ ਗੁਰਮੀਤ ਸਿੰਘ ਨੂੰ ਥਾਈਲੈਂਡ ਵਿੱਚ ਜਾਲੀ ਦਸਤਾਵੇਜ਼ ਤਿਆਰ ਕਰਨ ਬਦਲੇ 18 ਮਹੀਨੇ ਦੀ ਕੈਦ ਵੀ ਭੁਗਤਣੀ ਪਈ। ਥਾਈਲੈਂਡ ਦੀ ਜੇਲ੍ਹ ਵਿੱਚੋਂ ਰਿਹਾਅ ਹੋਣ ਉਪਰੰਤ ਭਾਰਤ ਆ ਕੇ ਗੁਰਮੀਤ ਸਿੰਘ ਨੇ ਪੁਲੀਸ ਨੂੰ ਇਸ ਘਟਨਾ ਦੀ ਲਿਖਤੀ ਸ਼ਿਕਾਇਤ ਦਿੱਤੀ ਅਤੇ ਦੋਸ਼ ਲਾਇਆ ਕਿ ਉਕਤ ਟਰੈਵਲਰ ਏਜੰਟਾਂ ਨੇ ਸਾਜ਼ਿਸ਼ ਤਹਿਤ ਉਸ ਨੂੰ ਜਾਅਲੀ ਵੀਜ਼ਾ ਜਾਰੀ ਕੀਤਾ ਜਿਸ ਕਰਕੇ ਉਸ ਨੂੰ ਥਾਈਲੈਂਡ ਵਿੱਚ 18 ਮਹੀਨੇ ਸਜ਼ਾ ਕੱਟਣੀ ਪਈ। ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਟਰੈਵਲਰ ਏਜੰਟ ਸੁਖਵਿੰਦਰ ਸਿੰਘ, ਜਸਮੇਲ ਸਿੰਘ ਅਤੇ ਬਲਵਿੰਦਰ ਸਿੰਘ ਖਿਲਾਫ ਆਈਪੀਸੀ ਧਾਰਾ 420/406 ਤਹਿਤ ਪਰਚਾ ਦਰਜ ਕਰਕੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।