ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 25 ਜੂਨ
ਜ਼ਿਲ੍ਹੇ ਦੇ 755 ਸਕੂਲਾਂ ਵਿੱਚੋਂ 38 ਸਕੂਲਾਂ ਨੂੰ ਸਖਤ ਚੋਣ ਪ੍ਰਕਿਰਿਆ ਉਪਰੰਤ ਜ਼ਿਲ੍ਹਾ ਪੱਧਰ ’ਤੇ ਸਵੱਛ ਵਿਦਿਆਲਿਆ ਪੁਰਸਕਾਰ ਵਾਸਤੇ ਚੁਣਿਆ ਗਿਆ ਹੈ ਅਤੇ ਇਨ੍ਹਾਂ ਵਿੱਚੋਂ 6 ਸਕੂਲਾਂ ਨੂੰ ਸਟੇਟ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਸਵੱਛ ਵਿਦਿਆਲਿਆ ਪੁਰਸਕਾਰ ਤਹਿਤ ਸਿਹਤ ਅਤੇ ਸਫ਼ਾਈ ਦੇ 6 ਪੱਖਾਂ ਦੇ ਆਧਾਰ ਅਤੇ ਜ਼ਿਲ੍ਹੇ ਦੇ 755 ਸਕੂਲਾਂ ਦਾ ਮੁਲਾਂਕਣ 116 ਕਰਤਾਵਾਂ ਦੁਆਰਾ ਕੀਤਾ ਗਿਆ ਸੀ। ਇਨ੍ਹਾਂ ਸਕੂਲਾਂ ਵਿੱਚੋਂ ਆਨਲਾਈਨ ਪੋਰਟਲ ਰਾਹੀਂ 8 ਓਵਰਆਲ ਅਤੇ 30 ਕੈਟਾਗਿਰੀ ਵਾਈਜ਼ ਜੇਤੂ ਸਕੂਲ ਚੁਣੇ ਗਏ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੁਣੇ ਗਏ ਸਕੂਲ ਮੁਖੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫਸਰ (ਜ) ਕਪਿਲ ਸ਼ਰਮਾ ਨੇ ਦੱਸਿਆ ਕਿ ਸਿਹਤ ਤੇ ਸਫਾਈ ਦੇ ਪੱਖ ਤੋਂ ਓਵਰਆਲ ਪੱਧਰ ’ਤੇ ਸਨਮਾਨਿਤ ਹੋਣ ਵਾਲੇ ਸਕੂਲਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕੀ ਟਿੱਬੀ, ਰਹੂੜਿਆਂਵਾਲੀ, ਭਾਰੂ, ਮਿੱਡਾ, ਫੁੱਲੂ ਖੇੜਾ ਅਤੇ ਭਾਈ ਮਸਤਾਨ ਸਿੰਘ ਪਬਲਿਕ ਸਕੂਲ ਮੁਕਤਸਰ, ਗੁਰੂ ਨਾਨਕ ਪਬਲਿਕ ਸਕੂਲ ਘੁਮਿਆਰਾ ਤੇ ਗੋਲਡਨ ਇਰਾ ਮਿਲੇਨੀਅਮ ਸਕੂਲ ਮੰਡੀ ਕਿੱਲਿਆਂਵਾਲੀ ਸ਼ਾਮਲ ਹਨ। ਇਨ੍ਹਾਂ ਸਕੂਲਾਂ ਨੂੰ ਸਟੇਟ ਪੱਧਰੀ ਸਨਮਾਨ ਲਈ ਨਾਮਜ਼ਦ ਕੀਤਾ ਗਿਆ ਹੈ।