ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 22 ਅਕਤੂਬਰ
ਸਥਾਨਕ ਆਬਕਾਰੀ ਵਿਭਾਗ ਦੀ ਟੀਮ ਨੇ ਅੱਜ ਪੁਲੀਸ ਦੇ ਨਾਲ ਮਿਲ ਕੇ ਮਾਰੇ ਛਾਪੇ ਦੌਰਾਨ ਸਤਲੁਜ ਦਰਿਆ ਵਿੱਚੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਨਸ਼ਟ ਕੀਤੀ ਹੈ। ਸਰਹੱਦੀ ਪਿੰਡ ਅਲੀ ਕੇ, ਕਮਾਲੇਵਾਲਾ, ਹਜਾਰਾ, ਚਾਂਦੀ ਵਾਲਾ ਅਤੇ ਹਬੀਬ ਕੇ ਦੇ ਨਾਲ ਲੱਗਦੇ ਦਰਿਆ ਵਿਚ ਛਾਪਾ ਮਾਰ ਕੇ ਟੀਮ ਨੇ ਕਰੀਬ 38 ਹਜ਼ਾਰ ਲਿਟਰ ਕੱਚੀ ਸ਼ਰਾਬ, 480 ਬੋਤਲਾਂ ਨਾਜਾਇਜ਼ ਸ਼ਰਾਬ, 19 ਤਰਪਾਲਾਂ, ਸ਼ਰਾਬ ਨਾਲ ਭਰੀਆਂ ਤਿੰਨ ਰਬੜ ਦੀਆਂ ਟਿਊਬਾਂ, ਬਾਰਾਂ ਖਾਲੀ ਟਿਊਬਾਂ, ਦਸ ਡਰੰਮ ਅਤੇ ਬਾਰਾਂ ਹੋਰ ਵੱਡੇ ਭਾਂਡੇ ਬਰਾਮਦ ਕੀਤੇ ਹਨ।
ਆਬਕਾਰੀ ਵਿਭਾਗ ਦੇ ਇੰਸਪੈਕਟਰ ਗੁਰਬਖ਼ਸ਼ ਸਿੰਘ ਨੇ ਦੱਸਿਆ ਕਿ ਵਿਭਾਗ ਅਤੇ ਪੁਲੀਸ ਦੀਆਂ ਟੀਮਾਂ ਨੂੰ ਦੇਖ ਕੇ ਨਾਜਾਇਜ਼ ਸ਼ਰਾਬ ਕੱਢਣ ਵਾਲੇ ਮੁਲਜ਼ਮ ਉੱਥੋਂ ਫ਼ਰਾਰ ਹੋ ਗਏ। ਉਨ੍ਹਾਂ ਦੀ ਪਛਾਣ ਕਰਨ ਵਾਸਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਸਾਲ ਦੌਰਾਨ ਸਤਲੁਜ ਦਰਿਆ ਵਿਚੋਂ ਇੱਕ ਲੱਖ ਲਿਟਰ ਤੋਂ ਵੱਧ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਨਸ਼ਟ ਕੀਤੀ ਗਈ ਹੈ।