ਪਵਨ ਗੋਇਲ
ਭੁੱਚੋ ਮੰਡੀ, 1 ਅਗਸਤ
ਸੱਤਾਧਾਰੀ ਪਾਰਟੀ ਨੇ ਨਗਰ ਕੌਂਸਲ ਭੁੱਚੋ ਮੰਡੀ ’ਤੇ ਕਾਬਜ਼ ਹੋਣ ਲਈ ਕੌਂਸਲਰਾਂ ਦੀ ਜੋੜ-ਤੋੜ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨਾਂ ਸਣੇ ਛੇ ਕੌਂਸਲਰਾਂ ਨੇ ਅੱਜ ‘ਆਪ’ ਦਾ ਪੱਲਾ ਫੜ ਲਿਆ ਹੈ। ਇਨ੍ਹਾਂ ਕੌਂਸਲਰਾਂ ਨੂੰ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਪਾਰਟੀ ਦੇ ਨਿਸ਼ਾਨ ਵਾਲੇ ਸਿਰੋਪੇ ਦੇ ਕੇ ਸਨਮਾਨਿਆ। ਵਿਧਾਇਕ ਨੇ ਕਿਹਾ ਕਿ ਤਿੰਨ ਅਗਸਤ ਨੂੰ ਹੋਣ ਵਾਲੀ ਚੋਣ ਵਿੱਚ ‘ਆਪ’ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦੇ ’ਤੇ ਕਾਬਜ਼ ਹੋਣਾ ਲਗਪਗ ਤੈਅ ਹੈ। ਚੋਣ ਤੋਂ ਪਹਿਲਾਂ ਕੋਰਮ ਪੂਰਾ ਕਰਨ ਲਈ ਕੌਂਸਲਰਾਂ ਦੀ ਗਿਣਤੀ ਪੂਰੀ ਕਰ ਲਈ ਜਾਵੇਗੀ।
ਆਮ ਆਦਮੀ ਵਿੱਚ ਸ਼ਾਮਲ ਹੋਣ ਵਾਲੇ ਕੌਂਸਲਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪ੍ਰਿੰਸ ਗੋਲਨ, ਉਨ੍ਹਾਂ ਦੀ ਪਤਨੀ ਲਖਵਿੰਦਰ ਕੌਰ, ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਜੀਵਨ ਲਾਲ ਗਰਗ, ਦਲਜੀਤ ਸਿੰਘ, ਲੱਕੀ ਕੁਮਾਰ, ਅਤੇ ਪ੍ਰਕਾਸ਼ ਕੌਰ ਸ਼ਾਮਲ ਹਨ। ਇਸ ਤੋਂ ਪਹਿਲਾਂ 13 ਕੌਂਸਲਰਾਂ ਵਾਲੀ ਨਗਰ ਕੌਂਸਲ ਵਿੱਚ ਦਸ ਕੌਸਲਰ ਕਾਂਗਰਸੀ, ਦੋ ਅਕਾਲੀ ਦਲ ਅਤੇ ਇੱਕ ਆਜ਼ਾਦ ਕੌਂਸਲਰ ਸੀ। ਸੱਤਾ ਬਦਲਦਿਆਂ ਹੀ ਕੌਂਸਲਰਾਂ ਨੇ ਵੀ ਪਾਰਟੀ ਬਦਲ ਦਿੱਤੀ ਹੈ।
ਮੰਨਿਆ ਜਾ ਰਿਹਾ ਹੈ ਕਿ ‘ਆਪ’ ਵੱਲੋਂ ਨਗਰ ਕੌਂਸਲ ਦੇ ਦੋਵੇਂ ਅਹੁਦੇ ਹਥਿਆਉਣ ਤੋਂ ਬਾਅਦ ਪ੍ਰਧਾਨ ਦੀ ਕੁਰਸੀ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ ਨੇ ਕਿਹਾ ਕਿ ਇਸ ਸਮੇਂ ਕੁੱਲ 13 ਕੌਂਸਲਰਾਂ ਵਿੱਚੋਂ ਉਸ ਦੇ ਗਰੁੱਪ ਵਿੱਚ ਸੱਤ ਕੌਂਸਲਰ ਮੌਜੂਦ ਹਨ। ਕਾਰਜ ਸਾਧਕ ਅਫ਼ਸਰ ਵਿਕਾਸ ਉੱਪਲ ਨੇ ਕਿਹਾ ਕਿ ਤਿੰਨ ਅਗਸਤ ਨੂੰ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦੇ ਦੀ ਚੋਣ ਹੋ ਰਹੀ ਹੈ।