ਰਵਿੰਦਰ ਰਵੀ
ਬਰਨਾਲਾ, 18 ਜੂਨ
ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵੱਲੋਂ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿਚ ਪ੍ਰਚਾਰ ਕੀਤਾ ਗਿਆ। ‘ਅਗਨੀਪਥ’ ਦੇ ਵਿਰੋਧ ਬਾਰੇ ਉਨ੍ਹਾਂ ਕਿਹਾ ਕਿ ਕੁੱਝ ਲੋਕ ਨਾ ਸਮਝੀ ਕਾਰਨ ਇਸ ਬਿਹਤਰੀਨ ਸਕੀਮ ਦਾ ਵਿਰੋਧ ਕਰ ਰਹੇ ਹਨ। ਇਸ ਸਕੀਮ ਦੇ ਜਲਦ ਹੀ ਚੰਗੇ ਨਤੀਜੇ ਸਾਹਮਣੇ ਆਉਣਗੇ।
ਉਨ੍ਹਾਂ ਕਿਹਾ ਕਿ ਲੰਘੀਆਂ ਵਿਧਾਨ ਸਭਾ ਚੋਣਾਂ ’ਚ ‘ਆਪ’ ਨੂੰ ਮਿਲੇ ਲੋਕ ਫ਼ਤਵੇ ਦਾ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਮਹਿਜ਼ 4 ਮਹੀਨਿਆਂ ’ਚ ਹੀ ਮਜ਼ਾਕ ਬਣਾ ਦਿੱਤਾ ਹੈ। ‘ਆਪ’ ਸਰਕਾਰ ਨੇ ਔਰਤਾਂ ਨਾਲ ਕੀਤੇ ਅਤੇ ਸਰਕਾਰੀ ਨੌਕਰੀਆਂ ਦੇਣ ਦੇ ਵਾਅਦੇ ਤਾਂ ਪੂਰੇ ਕੀ ਕਰਨੇ ਸਨ ਬਲਕਿ ਭ੍ਰਿਸ਼ਟਾਚਾਰ ਤੇ ਕਤਲੋਗਾਰਦ ਦੇ ਮਾਮਲੇ ਦਿਨੋਂ-ਦਿਨ ਵਧ ਰਹੇ ਹਨ। ਸੂਬੇ ਵਿਚ ਕਾਰੋਬਾਰੀਆਂ ਤੇ ਕਲਾਕਾਰਾਂ ਪਾਸੋਂ ਸ਼ਰ੍ਹੇਆਮ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਸੂਬੇ ਪੰਜਾਬ ’ਚ ਅਮਨ ਸ਼ਾਂਤੀ ਤੇ ਆਰਥਿਕ ਵਿਕਾਸ ਲਈ ਕੇਂਦਰ ਦੀ ਮੋਦੀ ਹਕੂਮਤ ਦੇ ਸਾਥ ਦੀ ਜ਼ਰੂਰਤ ਹੈ ਜਿਸ ਲਈ ਇੱਥੋਂ ਕੇਵਲ ਢਿੱਲੋਂ ਨੂੰ ਜਿਤਾ ਕੇ ਸੰਸਦ ’ਚ ਭੇਜਿਆ ਜਾਵੇ। ਉਨ੍ਹਾਂ ਵਾਅਦਾ ਕੀਤਾ ਕਿ ਇਸ ਇਲਾਕੇ ਵਿੱਚ ਖੇਤੀ ਆਧਾਰਿਤ ਉਦਯੋਗ ਲਾ ਕੇ ਕਿਸਾਨਾਂ ਦੀ ਆਮਦਨ ਵਧਾਈ ਜਾਵੇਗੀ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ, ਸਿਹਤ ਸੇਵਾਵਾਂ ਦੇ ਪੁਖ਼ਤਾ ਪ੍ਰਬੰਧਾਂ ਤਹਿਤ ਪੀਜੀਆਈ ਦੇ ਸੈਟੇਲਾਈਟ ਕੇਂਦਰਾਂ ਦੀ ਸਥਾਪਨਾ ਅਤੇ ਘਾਤਕ ਬਿਮਾਰੀਆਂ ਦਾ ਕਾਰਨ ਬਣ ਰਹੇ ਮਾੜੇ ਪਾਣੀ ਤੋਂ ਬਚਾਅ ਹਿੱਤ ਸਾਫ਼ ਤੇ ਉੱਚ ਮਿਆਰੀ ਪੀਣ ਵਾਲਾ ਪਾਣੀ ਹਰ ਘਰ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਹਰਜੀਤ ਗਰੇਵਾਲ ਤੇ ਸਰੂਪ ਸਿੰਗਲਾ ਮੌਜੂਦ ਸਨ।