ਸ਼ਗਨ ਕਟਾਰੀਆ
ਜੈਤੋ, 29 ਨਵੰਬਰ
ਸੀਵਰੇਜ ਦੇ ਪਾਣੀ ਦੀ ਨਾਕਸ ਨਿਕਾਸੀ ਖ਼ਿਲਾਫ਼ ਅੱਜ ਸ਼ਹਿਰ ਦੇ ਨੁਮਾਇੰਦਿਆਂ ਨੇ ਇੱਥੇ ਬੱਸ ਅੱਡਾ ਚੌਕ ਵਿੱਚ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ। ਪ੍ਰਦਰਸ਼ਨ ਦੀ ਖ਼ਾਸੀਅਤ ਇਹ ਰਹੀ ਕਿ ਇਸ ਵਿੱਚ ਪ੍ਰਮੁੱਖ ਸਮੁੱਚੀਆਂ ਸਿਆਸੀ ਧਿਰਾਂ ਦੇ ਪ੍ਰਤੀਨਿਧ ਸ਼ਾਮਿਲ ਸਨ।
ਵਿਖਾਵਾਕਾਰੀਆਂ ਵੱਲੋਂ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਨੂੰ ਨਿਸ਼ਾਨੇ ’ਤੇ ਲੈਂਦਿਆਂ ਸ਼ਹਿਰ ਦੀਆਂ ਗਲੀਆਂ ’ਚ ਲੰਮੇ ਅਰਸੇ ਤੋਂ ਖੜ੍ਹੇ ਸੀਵਰੇਜ ਦੇ ਪਾਣੀ ਦਾ ਮਸਲਾ ਉਭਾਰਿਆ ਗਿਆ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ’ਚੋਂ ਲੰਘਣ ਵਾਲਿਆਂ ਨੂੰ ਖੁਦ ਲਬਿੜਨਾ ਪੈਂਦਾ ਹੈ। ਪਾਣੀ ’ਤੇ ਪੈਦਾ ਹੁੰਦੇ ਮੱਖੀ, ਮੱਛਰਾਂ ਅਤੇ ਇਸ ’ਚੋਂ ਉੱਭਰਦੀ ਬਦਬੂ ਨੇ ਸ਼ਹਿਰੀਆਂ ਦਾ ਜਿਊਣਾ ਦੁੱਭਰ ਕਰ ਰੱਖਿਆ ਹੈ। ਗਲੀਆਂ ’ਚ ਲੱਗੇ ਪਾਣੀ ਦੇ ਛੱਪੜਾਂ ’ਚੋਂ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਲੰਘਣਾ ਹੋਰ ਵੀ ਕਠਿਨ ਹੈ। ਬੁਲਾਰਿਆਂ ਨੇ ਮਿਸਾਲਾਂ ਦੇ ਕੇ ਕਿਹਾ ਕਿ ਅਨੇਕਾਂ ਪਰਿਵਾਰਾਂ ’ਚ ਖ਼ੁਸ਼ੀ, ਗ਼ਮੀ ਦੇ ਮੌਕਿਆਂ ’ਤੇ ਬਾਹਰੋਂ ਆਏ ਰਿਸ਼ਤੇਦਾਰਾਂ ਨੂੰ ਜਦੋਂ ਮੁਸ਼ਕਿਲ ਆਈ ਤਾਂ ਮੇਜ਼ਬਾਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਬੁਲਾਰਿਆਂ ਨੇ ਕਿਹਾ ਕਿ ਅਨੇਕਾਂ ਵਾਰ ਸੀਵਰੇਜ ਬੋਰਡ ਅਤੇ ਸਥਾਨਕ ਪ੍ਰਸ਼ਾਸਨ ਤੱਕ ਹੱਲ ਕਰਨ ਦੀਆਂ ਅਰਜੋਈਆਂ ਕੀਤੀਆਂ ਗਈਆਂ ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਮੌਕੇ ਚਿਤਾਵਨੀ ਦਿੱਤੀ ਗਈ ਕਿ ਜਦੋਂ ਤੱਕ ਮਸਲੇ ਦੇ ਹੱਲ ਲਈ ਠੋਸ ਭਰੋਸਾ ਨਹੀਂ ਮਿਲਦਾ, ਧਰਨਾ ਨਹੀਂ ਚੁੱਕਿਆ ਜਾਵੇਗਾ।
ਧਰਨੇ ਵਿੱਚ ਭਾਜਪਾ ਦੇ ਕੌਂਸਲਰ ਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਪ੍ਰਦੀਪ ਸਿੰਗਲਾ, ਕੌਂਸਲਰ ਬਲਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਵੱਲੋਂ ਕੌਂਸਲਰ ਨਰਿੰਦਰਪਾਲ ਸਿੰਘ, ਕਾਂਗਰਸੀ ਕੌਂਸਲਰ ਸੁਮਨ ਦੇਵੀ ਦੇ ਪਤੀ ਸੁਖਵਿੰਦਰਪਾਲ ਗਰਗ, ਕਾਂਗਰਸੀ ਕੌਂਸਲਰ ਸੀਮਾ ਰਾਣੀ ਦੇ ਪਤੀ ਪ੍ਰਦੀਪ ਗਰਗ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮੋਲਕ ਸਿੰਘ, ਡਾ .ਰਮਨਦੀਪ ਸਿੰਘ ਅਤੇ ਡਾ. ਲਛਮਣ ਸਿੰਘ ਭਗਤੂਆਣਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਯੂਥ ਵਿੰਗ) ਦੇ ਦਿਲਬਾਗ ਬਾਗੀ ਤੇ ਮਾਰਸ਼ਲਦੀਪ ਸਿੰਘ ਪਾਲੀ ਆਦਿ ਸ਼ਾਮਿਲ ਹੋਏ।
ਭਰੋਸੇ ਮਗਰੋਂ ਧਰਨਾ ਚੁੱਕਿਆ
ਧਰਨੇ ਦੌਰਾਨ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ ਨੇ ਪ੍ਰਦਰਸ਼ਨਕਾਰੀਆਂ ਕੋਲ ਪਹੁੰਚ ਕੀਤੀ। ਉਨ੍ਹਾਂ ਨਾਲ ਸੀਵਰੇਜ ਬੋਰਡ ਦੇ ਜੇ.ਈ. ਬਬਲਜੀਤ ਸਿੰਘ ਸਨ। ਉਨ੍ਹਾਂ ਦੱਸਿਆ ਕਿ ਇੱਥ ਗੈਸ ਕੰਪਨੀ ਵੱਲੋਂ ਸ਼ਹਿਰ ’ਚੋਂ ਡਰਿੱਲ ਨਾਲ ਜ਼ਮੀਨ ਖੋਦ ਕੇ ਪਾਈ ਜਾ ਰਹੀ ਗੈਸ ਪਾਈਪ ਕਾਰਣ ਕਈ ਥਾਵਾਂ ਤੋਂ ਸੀਵਰੇਜ ਤੇ ਪਾਣੀ ਸਪਲਾਈ ਵਾਲੀਆਂ ਪਾਈਪਾਂ ਨੁਕਸਾਨੀਆਂ ਗਈਆਂ ਹਨ। ਸ੍ਰੀ ਭਾਰਦਵਾਜ ਨੇ ਜੇ.ਈ. ਨਾਲ ਗੱਲਬਾਤ ਕਰਕੇ ਭਰੋਸਾ ਦਿੱਤਾ ਕਿ ਪਾਣੀ ਦਾ ਨਿਕਾਸ ਜਲਦੀ ਕਰ ਦਿੱਤਾ ਜਾਵੇਗਾ ਅਤੇ ਕੰਡਮ ਹੋਈਆਂ ਪਾਈਪ ਲਾਈਨਾਂ ਦਾ ਕੰਮ ਵੀ 2 ਦਸੰਬਰ ਤੱਕ ਮੁਕੰਮਲ ਹੋ ਜਾਵੇਗਾ। ਵਿਸ਼ਵਾਸ ਮਿਲਣ ’ਤੇ ਪ੍ਰਦਰਸ਼ਨਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ।