ਪੱਤਰ ਪ੍ਰੇਰਕ
ਮਾਨਸਾ, 29 ਜੂਨ
ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਮੁੱਖ ਟੀਚਾ ਹੈ ਕਿ ਹਰ ਯੋਗ ਨਾਗਰਿਕ ਦਾ ਕੋਰੋਨਾ ਤੋਂ ਬਚਾਅ ਵਜੋਂ ਛੇਤੀ ਤੋਂ ਛੇਤੀ ਟੀਕਾਕਰਨ ਜ਼ਰੂਰ ਕਰਵਾਇਆ ਜਾਵੇ ਅਤੇ ਇਸ ਆਸ਼ੇ ਦੀ ਪੂਰਤੀ ਹਿੱਤ ਪਿੰਡਾਂ ਤੇ ਸ਼ਹਿਰਾਂ ਦੇ ਨਿਵਾਸੀਆਂ ਨੂੰ ਉਨ੍ਹਾਂ ਦੀ ਸੁਵਿਧਾ ਲਈ ‘ਡੋਰ ਟੂ ਡੋਰ ਮੁਹਿੰਮ’ ਚਲਾਉਂਦੇ ਹੋਏ ਘਰਾਂ ਵਿੱਚ ਹੀ ਟੀਕਾਕਰਨ ਕਰਵਾਏ ਜਾਣ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੀ ਤਰਫੋਂ ਪਿੰਡ ਬੁਰਜ ਹਰੀ ਦੇ 18 ਸਾਲ ਤੋਂ ਵੱਧ ਉਮਰ ਦੇ ਸੌ ਫੀਸਦੀ ਨਾਗਰਿਕਾਂ ਦਾ ਟੀਕਾਕਰਨ ਕਰਵਾਏ ਜਾਣ ਲਈ ਘਰ-ਘਰ ਜਾ ਕੇ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਯਤਨ ਜਾਰੀ ਹਨ ਅਤੇ ਇਸੇ ਦੌਰਾਨ ਅੱਜ ਪਿੰਡ ਭਾਈ ਦੇਸਾ ਵਿਖੇ ਵੀ ਐਸ.ਡੀ.ਐਮ ਸ਼ਿਖਾ ਭਗਤ ਦੀ ਨਿਗਰਾਨੀ ਹੇਠ ਬੀ.ਡੀ.ਪੀ.ਓ ਸੁਖਵਿੰੰਦਰ ਸਿੰਘ ਨੇ ਨੌਜਵਾਨ ਏਕਤਾ ਕਲੱਬ ਦੇ ਸਹਿਯੋਗ ਨਾਲ ਪਿੰਡ ਵਿੱਚ ਚੇਤਨਾ ਰੈਲੀ ਕੀਤੀ ਤਾਂ ਜੋ ਵੱਧ ਤੋਂ ਵੱਧ ਪਿੰਡ 100 ਫੀਸਦੀ ਵੈਕਸੀਨੇਸ਼ਨ ਕਰਵਾਉਣ ਦੇ ਰਾਹ ’ਤੇ ਦਿ੍ਰੜ ਹੋ ਸਕਣ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਉਪ ਮੰਡਲ ਮੈਜਿਸਟਰੇਟਾਂ ਦੇ ਨਿਗਰਾਨੀ ਹੇਠ ਪਿੰਡਾਂ ਤੇ ਸ਼ਹਿਰਾਂ ਵਿੱਚ ਇਨ੍ਹੀਂ ਦਿਨੀਂ ਵੱਡੇ ਪੱਧਰ ’ਤੇ ਟੀਕਾਕਰਨ ਤੇ ਸੈਂਪਲਿੰਗ ਕੈਂਪ ਲਗਾਏ ਜਾ ਰਹੇ ਹਨ।
ਮਾਨਸਾ ’ਚ ਕਰੋਨਾ ਕਾਰਨ 2 ਦੀ ਮੌਤ
ਮਾਨਸਾ: ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ ਕੁੱਲ 15470 ਕੋਰੋਨਾ ਪਾਜ਼ੇਟਿਵ ਕੇਸ ਪਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 15087 ਵਿਅਕਤੀ ਤੰਦਰੁਸਤ ਹੋਕੇ ਆਪਣੇ-ਆਪਣੇ ਘਰਾਂ ਨੂੰ ਵਾਪਸ ਪਰਤ ਚੁੱਕੇ ਹਨ। ਅੱਜ 772 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਅਤੇ 4 ਨਵੇਂ ਪਾਜ਼ੇਟੀਵ ਕੇਸ ਪਾਏ ਗਏ, ਹੁਣ ਮਾਨਸਾ ਵਿਖੇ 112 ਐਕਟਿਵ ਕੇਸ ਹਨ ਅਤੇ ਮਾਨਸਾ ਜ਼ਿਲ੍ਹੇ ਨਾਲ ਸਬੰਧਤ 3 ਜਣਿਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮਾਨਸਾ,ਬੁਢਲਾਡਾ ਵਿੱਚ ਕੋਈ ਕੇਸ ਨਹੀਂ, ਜਦੋਂ ਕਿ ਖਿਆਲਾ ਕਲਾਂ 1 ਅਤੇ ਸਰਦੂਲਗੜ੍ਹ 3 ਕਰੋਨਾ ਦਾ ਕੇਸ ਆਇਆ ਹੈ ਅਤੇ ਹੁਣ ਤੱਕ 244623 ਵਿਅਕਤੀਆਂ ਦੇ ਕੋਰੋਨਾ ਸੈਂਪਲ ਇਕੱਤਰ ਕੀਤੇ ਜਾ ਚੁੱਕੇ ਹਨ।