ਹਰਦੀਪ ਸਿੰਘ ਜਟਾਣਾ
ਮਾਨਸਾ, 18 ਜੁਲਾਈ
ਮਾਨਸਾ ਜ਼ਿਲ੍ਹੇ ਵਿਚ ਨਸ਼ਾ ਛੱਡਣ ਦੇ ਚਾਹਵਾਨ ਰਜਿਸਟਰਡ ਨਸ਼ੇੜੀਆਂ ਦੀ ਗਿਣਤੀ ਸੱਤ ਹਜ਼ਾਰ ਦੇ ਕਰੀਬ ਪੁੱਜ ਗਈ ਹੈ। ਇਨ੍ਹਾਂ ਤੋਂ ਬਿਨਾਂ ਕੰਮ, ਧੰਦਿਆਂ ਦੌਰਾਨ ਮੈਡੀਕਲ ਨਸ਼ੇ ਵਤਣ ਵਾਲਿਆਂ ਦੀ ਗਿਣਤੀ ਹਜ਼ਾਰਾਂ ਵਿਚ ਹੈ। ਅਫ਼ੀਮ ਤੇ ਚੂਰਾ ਪੋਸਤ ਮਹਿੰਗਾ ਹੋਣ ਕਰਕੇ ਵੱਡੀ ਗਿਣਤੀ ਮਜ਼ਦੂਰ, ਕਿਸਾਨ ਮੈਡੀਕਲ ਨਸ਼ਿਆਂ ਦਾ ਸਹਾਰਾ ਲੈਣ ਲੱਗ ਪਏ ਹਨ।
ਹੁਣ ਵੱਡੀ ਗਿਣਤੀ ਨਸ਼ੇੜੀਆਂ ਦੀ ਗੱਡੀ ਨਸ਼ੇ ਦੀਆਂ ਗੋਲੀਆਂ ਸਹਾਰੇ ਰੁੜ੍ਹ ਰਹੀ ਹੈ। ਇਸ ਦਾ ਅੰਦਾਜ਼ਾ ਰੋਜ਼ਾਨਾ ਜ਼ਿਲ੍ਹੇ ਦੇ ਪੰਜ ਸਰਕਾਰੀ ਅਤੇ ਤਿੰਨ ਗ਼ੈਰ ਸਰਕਾਰੀ ਓਟ ਕੇਂਦਰਾਂ ਅੱਗੇ ਜੁੜਦੀ ਹਜ਼ਾਰਾਂ ਨਸ਼ੇੜੀਆਂ ਦੀ ਭੀੜ ਤੋਂ ਲਗਾਇਆ ਜਾ ਸਕਦਾ ਹੈ। ਵੱਡੀ ਗਿਣਤੀ ਨਸ਼ੇੜੀ ਸਰਕਾਰੀ ਓਟ ਕੇਂਦਰਾਂ ਤੋਂ ਇਕੱਠੀਆਂ ਗੋਲੀਆਂ ਲੈਣ ਲਈ ਪਹੁੰਚ ਵਾਲੇ ਲੋਕਾਂ ਦੀਆਂ ਸਿਫਾਰਸ਼ਾਂ ਵੀ ਕਰਵਾਉਂਦੇ ਹਨ। ਜ਼ਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰ ਵਿਚ ਹਸਪਤਾਲਾਂ ਤੋਂ ਦੂਰ ਦੁਰਾਡੇ ਸਥਿਤ ਮੈਡੀਕਲ ਸਟੋਰਾਂ ਵਿਚੋਂ ਕੁਝ ਕਥਿਤ ਤੌਰ ’ਤੇ ਨਸ਼ੇ ਦੀਆਂ ਗੋਲੀਆਂ ਵੀ ਵੇਚਦੇ ਹਨ। ਪ੍ਰਤੱਖ ਦਰਸ਼ੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਮੈਡੀਕਲ ਸਟੋਰਾਂ ਅੱਗੇ ਸਵੇਰੇ ਸ਼ਾਮ ਨੌਜਵਾਨਾਂ ਦੀ ਭੀੜ ਵੇਖੀ ਜਾ ਸਕਦੀ ਹੈ। ਮੈਡੀਕਲ ਸਟੋਰਾਂ ਵਾਲੇ ਸੌ ਕੁ ਰੁਪਏ ਵਾਲਾ ਟਰਮਾਡੋਲ ਦੀਆਂ ਗੋਲੀਆਂ ਦਾ ਪੱਤਾ ਤਿੰਨ ਤੋਂ ਚਾਰ ਸੌ ਰੁਪਏ ’ਚ ਵੇਚ ਰਹੇ ਹਨ। ਕਈ ਨਿੱਜੀ ਓਟ ਕੇਂਦਰਾਂ ਵਾਲੇ ਜਾਂਚ ਦੇ ਨਾਮ ’ਤੇ ਪੀੜਤਾਂ ਤੋਂ ਦੋ ਸੌ ਤੋਂ ਇਕ ਹਜ਼ਾਰ ਰੁਪਏ ਤਕ ਫ਼ੀਸ ਵਸੂਲਦੇ ਹਨ।
ਡਰੱਗ ਇੰਸਪੈਕਟਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿਚ ਚਾਰ ਸੌ ਦੇ ਕਰੀਬ ਮੈਡੀਕਲ ਸਟੋਰ ਹਨ। ਇਕੱਲੇ ਮਾਨਸਾ ਸ਼ਹਿਰ ਵਿਚ 115 ਮੈਡੀਕਲ ਸਟੋਰ ਹਨ। ਮੁੜ ਵਸੇਬਾ ਕੇਂਦਰ ਮਾਨਸਾ ਦੇ ਇੰਚਾਰਜ ਡਾਕਟਰ ਆਸ਼ੂ ਨੇ ਦੱਸਿਆ ਕਿ ਉਨ੍ਹਾਂ ਕੋਲ ਰੋਜ਼ਾਨਾ ਪੰਜ ਸੌ ਦੇ ਕਰੀਬ ਵਿਆਕਤੀ ਬੁਪਰੋਨੌਰਫਿਨ ਅਤੇ ਨੈਲੋਕਸੋਨ ਦੀਆਂ ਗੋਲੀਆਂ ਲੈਣ ਆਉਂਦੇ ਹਨ। ਨਿਯਮਾਂ ਅਨੁਸਾਰ ਨਸ਼ਾ ਪੀੜਤ ਵਿਅਕਤੀ ਨੂੰ ਰੋਜ਼ ਇਕ ਖੁਰਾਕ ਹੀ ਦਿੱਤੀ ਜਾਂਦੀ ਹੈ।