ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 5 ਜੁਲਾਈ
ਨਗਰ ਕੌਂਸਲ ਰਾਮਪੁਰਾ ਫੂਲ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਰਹੀ ਹੈ। ਇਥੇ ਪਿਛਲੇ ਸਾਲਾਂ ਵਿਚ ਕਰੋੜਾਂ ਰੁਪਏ ਦੇ ਘਪਲੇ ਹੋਏ ਹਨ, ਜਿਸ ਦੀ ਸੂਚਨਾ ਲੋਕਾਂ ਨੇ ਸਮੇਂ ਸਮੇਂ ’ਤੇ ਸਰਕਾਰ ਦੇ ਕੰਨਾਂ ਤੱਕ ਵੀ ਪੁੱਜਦੀ ਕੀਤੀ ਹੈ, ਪ੍ਰੰਤੂ ਅਫਸੋਸ ਕਿ ਪੰਜਾਬ ਦੀਆਂ ਗੂੰਗੀਆਂ ਅਤੇ ਬੋਲੀਆਂ ਸਰਕਾਰਾਂ ਨੇ ਇਸ ਵੱਲ ਉੱਕਾ ਹੀ ਧਿਆਨ ਦੇਣ ਦੀ ਕੋਈ ਲੋੜ ਨਹੀਂ ਸਮਝੀ। ਇਨ੍ਹਾਂ ਘਪਲਿਆਂ ਸਬੰਧੀ ਸੱਤਾਧਾਰੀ ਧਿਰ ਦੇ ਸਥਾਨਕ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਵੀ ਕਈ ਵਾਰ ਦੱਸਿਆ ਗਿਆ ਤੇ ਘਪਲਿਆਂ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਪਰ ਕੁਝ ਨਹੀਂ ਹੋਇਆ।
ਪਿਛਲੇ ਦਿਨੀਂ ਨਗਰ ਕੌਂਸਲ ਵੱਲੋਂ ਪ੍ਰਕਾਸ਼ਿਤ ਕੀਤੇ 85 ਲੱਖ ਰੁਪਏ ਦੇ ਟੈਂਡਰ ਜੋ 7 ਜੁਲਾਈ ਨੂੰ ਖੁੱਲ੍ਹ ਰਹੇ ਹਨ ਦੀ ਸੂਚੀ ਨੇ ਸਭਨਾਂ ਨੂੰ ਹੈਰਾਨ ਕਰ ਦਿੱਤਾ ਹੈ। ਜਿਨ੍ਹਾਂ ਕੰਮਾਂ ਲਈ ਇਹ ਟੈਂਡਰ ਹੋਣੇ ਹਨ ਉਹ ਲਗਪਗ ਸਾਰੇ ਹੀ ਮੁਕੰਮਲ ਹੋ ਚੁੱਕੇ ਹਨ, ਜਿਵੇਂ ਕਿ ਕੈਨਾਲ ਕਲੱਬ ਦੀ ਰੈਨੋਵੇਸ਼ਨ ਲਈ 20 ਲੱਖ ਰੁਪਏ, ਸ਼ਹਿਰ ਵਿੱਚ ਪਾਣੀ ਰੀਚਾਰਜ ਲਈ ਵੱਖ ਵੱਖ ਥਾਵਾਂ ’ਤੇ ਬੋਰਾਂ ਲਈ 18 ਲੱਖ ਦੇ ਟੈਂਡਰ ਖੁੱਲ੍ਹਣੇ ਹਨ, ਪਰ ਬੋਰ ਲੱਗ ਚੁੱਕੇ ਹਨ। ਇਸੇ ਤਰ੍ਹਾਂ ਭੈਣੀ ਬਿਲਡਿੰਗ ਮੈਟੀਰੀਅਲ ਸਟੋਰ ਵਾਲੀ ਗਲੀ ਦਾ 14 ਲੱਖ ਰੁਪਏ ਦਾ ਟੈਂਡਰ ਖੁੱਲ੍ਹਣਾ ਹੈ ਪਰ ਗਲੀ ਪਹਿਲਾਂ ਹੀ ਤਿਆਰ ਹੋ ਚੁੱਕੀ ਹੈ। ਇਸੇ ਤਰ੍ਹਾਂ ਦਸ਼ਮੇਸ਼ ਨਗਰ ਦੀ 7 ਨੰਬਰ ਗਲੀ ਦਾ 21 ਲੱਖ ਦਾ ਟੈਂਡਰ ਖੁੱਲ੍ਹਣਾ ਹੈ ਪਰ ਗਲੀ ਪਹਿਲਾਂ ਹੀ ਬਣੀ ਹੋਈ ਹੈ। ਇਸ ਤੋਂ ਸਾਫ਼ ਜਾਪਦਾ ਹੈ ਕਿ ਟੇਢੇ ਢੰਗ ਨਾਲ ਇਹ ਟੈਂਡਰ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਸੱਤਾਧਾਰੀ ਧਿਰ ਦੀ ਮਿਲੀ ਭੁਗਤ ਨਾਲ ਆਪਣਿਆਂ ਤੇ ਚਹੇਤਿਆਂ ਨੂੰ ਦਿੱਤੇ ਜਾਣੇ ਹਨ।
ਇਕ ਠੇਕੇਦਾਰ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਸਾਨੂੰ ਉਮੀਦ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਉਨ੍ਹਾਂ ਦੇ ਚੰਗੇ ਦਿਨ ਆਉਣਗੇ ਪ੍ਰੰਤੂ ਅਫਸੋਸ ਕਿ ਦਿਨ ਪਹਿਲਾਂ ਨਾਲੋਂ ਵੀ ਮਾੜੇ ਹੋ ਗਏ ਹਨ। ਇਸ ਸਬੰਧੀ ਕਾਰਜਸਾਧਕ ਅਫਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਸ ਸਬੰਧੀ ਜੇਈ ਨਾਲ ਗੱਲਬਾਤ ਕਰ ਕੇ ਮਸਲੇ ਬਾਰੇ ਪਤਾ ਕਰਨਗੇ।