ਮਹਿੰਦਰ ਸਿੰਘ ਰੱਤੀਆਂ
ਮੋਗਾ, 31 ਦਸੰਬਰ
ਇਥੇ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਸ਼ਹਿਰ ਦੀ ਪੁਰਾਣੀ ਅਨਾਜ ਮੰਡੀ ਵਿਚ ਉਜਾੜੇ ਗਏ 283 ਵਿਕਰੇਤਾਵਾਂ ਦੇ ਨਾਂ ’ਤੇ ਮੁੜ ਸਿਆਸਤ ਸ਼ੁਰੂ ਹੋ ਗਈ ਹੈ। ਉਦੋਂ ਉਜਾੜੇ ਦਾ ਵਿਰੋਧ ਕਰਨ ਵਾਲੇ ਅਕਾਲੀ-ਭਾਜਪਾ ਕੌਂਸਲਰਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਤੱਕ ਦੀ ਨੌਬਤ ਆ ਗਈ ਸੀ ਪਰ ਹੁਣ ਇਨ੍ਹਾਂ ਸਬਜ਼ੀ ਵਿਕਰੇਤਾਵਾਂ ਦੇ ਮੁੜ ਵਸੇਬੇ ਦੇ ਨਾਂ ’ਤੇ ਗੁੰਡਾ ਟੈਕਸ ਦਾ ਸੌਦਾ ਕਰ ਕੇ ਉਨ੍ਹਾਂ ਨੂੰ ਮਨਮਰਜ਼ੀ ਦੀ ਥਾਂ ਅਲਾਟ ਕਰਵਾਉਣ ਲਈ ਸਿਆਸੀ ਲੋਕ ਸਰਗਰਮ ਹੋ ਗਏ ਹਨ।
ਨਿਗਮ ਕਮਿਸ਼ਨਰ ਅਨੀਤਾ ਦਰਸ਼ੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਜ਼ਰੂਰ ਆਇਆ ਹੈ ਪਰ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਉਜਾੜੇ ਗਏ ਸਬਜ਼ੀ ਵਿਕਰੇਤਾਵਾਂ ਦੇ ਮੁੜ ਵਸੇਬੇ ਲਈ 30 ਦਸੰਬਰ ਤੋਂ ਹੋਣ ਵਾਲੀ ਰਜਿਸਟਰੇਸ਼ਨ ਟਾਲ ਦਿੱਤੀ ਗਈ ਹੈ ਕਿਉਂਕਿ ਕੁਝ ਲੋਕ ਮਨਮਰਜ਼ੀ ਦੀ ਥਾਂ ਅਲਾਟਮੈਂਟ ਕਰਵਾਉਣ ਲਈ ਜ਼ਿਦ ਕਰਨ ਲੱਗ ਪਏ ਸਨ। ਸਰਕਾਰ ਦੀ ਸਟਰੀਟ ਵੈਂਡਰ ਯੋਜਨਾ ਤਹਿਤ ਪੀੜਤ ਸਬਜ਼ੀ ਵਿਕਰੇਤਾਵਾਂ ਨੂੰ ਜਗ੍ਹਾ ਅਲਾਟ ਕਰਨ ਲਈ ਰਜਿਸਟਰੇਸ਼ਨ ਫ਼ੀਸ ਵਜੋਂ 500 ਰੁਪਏ ਅਤੇ 250 ਰੁਪਏ ਪ੍ਰਤੀ ਮਹੀਨਾ ਕਿਰਾਏ ਵਜੋਂ ਦੇਣੇ ਪੈਣਗੇ। ਉਨ੍ਹਾਂ ਦੁਕਾਨਦਾਰਾਂ ਨੂੰ ਕਿਸੇ ਧੋਖੇ ਤੋਂ ਬਚਣ ਦੀ ਅਪੀਲ ਕੀਤੀ ਹੈ।
ਹਾਕਮ ਧਿਰ ਨੇ ਵੋਟ ਰਾਜਨੀਤੀ ਤਹਿਤ ਨਗਰ ਨਿਗਮ ਵੱਲੋਂ ਉਜਾੜੇ ਗਏ ਸਬਜ਼ੀ ਵਿਕਰੇਤਾਵਾਂ ਦੇ ਮੁੜ ਵਸੇਬੇ ਲਈ ਸਟਰੀਟ ਵੈਂਡਰ ਯੋਜਨਾ ਤਹਿਤ ਰੇਹੜੀ ਆਦਿ ਲਈ ਜਗ੍ਹਾ ਅਲਾਟ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੌਰਾਨ ਕੁਝ ਦਲਾਲ ਅਤੇ ਸਿਆਸੀ ’ਫ਼ੀਲੇ’ ਸਰਗਰਮ ਹੋ ਗਏ ਹਨ। ਉਨ੍ਹਾਂ ਵੱਲੋਂ ਪੀੜਤ ਸਬਜ਼ੀ ਵਿਕਰੇਤਾਵਾਂ ਨੂੰ ਉਨ੍ਹਾਂ ਦੀ ਮਨਮਰਜ਼ੀ ਵਾਲੀ ਜਗ੍ਹਾ ਅਲਾਟ ਕਰਵਾਉਣ ਬਦਲੇ ਡੇਢ ਲੱਖ ਰੁਪਏ ਗੁੰਡਾਂ ਟੈਕਸ ਦਾ ਸੌਦਾ ਤੈਅ ਕਰ ਲਿਆ ਹੈ। ਕੋਵਿਡ 19 ਦੀ ਮਾਰ ਹੇਠ ਆਏ ਪੀੜਤ ਸਬਜ਼ੀ ਵਿਕਰੇਤਾਵਾਂ ਤੋਂ ਗੁੰਡਾਂ ਟੈਕਸ ਵਸੂਲੀ ਦੀ ਸ਼ਹਿਰ ਵਿੱਚ ਚਰਚਾ ਸ਼ੁਰੂ ਹੋ ਗਈ ਹੈ। ਸ਼ਹਿਰ ਅੰਦਰ ਨਿਗਮ ਚੋਣਾਂ ਸਿਰ ਉੱਤੇ ਹੋਣ ਤੇ ਗੁੰਡਾ ਟੈਕਸ ਵਸੂਲੀ ਦੇ ਸੌਦੇ ਦੀ ਚਰਚਾ ਫੈਲਣ ਮਗਰੋਂ ਨਿਗਮ ਅਧਿਕਾਰੀਆਂ ਨੇ 30 ਦਸੰਬਰ ਤੋਂ ਸਬਜ਼ੀ ਵਿਕਰੇਤਾਵਾਂ ਦੀ ਅਲਾਟਮੈਂਟ ਰਜਿਸਟਰੇਸ਼ਨ ਦਾ ਕੰਮ ਟਾਲ ਦਿੱਤਾ ਹੈ।
ਇਸ ਦੇ ਨਾਲ ਹੀ ਨਵੀਂ ਅਨਾਜ ਮੰਡੀ ਗੇਟ ਕੋਲੋਂ ਕਰੀਬ 2 ਵਰ੍ਹੇ ਪਹਿਲਾਂ ਉਜਾੜੇ ਸੈਂਕੜੇ ਫਲ ਤੇ ਸਬਜ਼ੀ ਵਿਕਰੇਤਾਵਾਂ ਨੂੰ ਵੀ ਮੁੜ ਉਹੀ ਥਾਂ ਅਲਾਟਮੈਂਟ ਕਰਨ ਲਈ ਸਿਆਸੀ ਫ਼ੀਲੇ ਸਰਗਰਮ ਹਨ ਜੋ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕਰ ਰਹੇ ਹਨ। ਉਜਾੜੇ ਦਾ ਸ਼ਿਕਾਰ ਬਹੁਤੇ ਦੁਕਾਨਦਾਰਾਂ ਨੇ ਪੈਸਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੰਡੀ ਬੋਰਡ ਅਧਿਕਾਰੀਆਂ ਨੇ ਗੁੰਡਾ ਟੈਕਸ ਨਾ ਦੇਣ ਦੀ ਰੰਜਿਸ਼ ਤੋਂ ਉਨ੍ਹਾਂ ਦਾ ਰੁਜ਼ਗਾਰ ਪ੍ਰਭਾਵਿਤ ਕਰਨ ਲਈ ਅਨਾਜ ਮੰਡੀ ਗੇਟ ਕੋਲ ਨਵੀਆਂ ਰੇਹੜੀਆਂ ਲਗਵਾ ਦਿੱਤੀਆਂ ਹਨ।