ਰਮਨਦੀਪ ਸਿੰਘ
ਚਾਉਕੇ, 1 ਅਗਸਤ
ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਦੇ ਹਮਲੇ ਕਾਰਨ ਨਰਮਾ ਵਾਹ ਰਹੇ ਕਿਸਾਨਾਂ ਦੇ ਦੁਧਾਰੂ ਪਸ਼ੂਆਂ ’ਤੇ ਲੰਪੀ ਸਕਿਨ ਬਿਮਾਰੀ ਪੈਣ ਕਾਰਨ ਉਨ੍ਹਾਂ ਦੇ ਹੌਸਲੇ ਢਹਿ-ਢੇਰੀ ਹੋ ਗਏ ਹਨ। ਪਿੰਡ ਮੰਡੀ ਕਲਾਂ ਦੀ ਤਿੰਨ ਏਕੜ ਦੀ ਮਾਲਕ ਬਲਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਸ਼ੂ ਦੇ ਸਰੀਰ ’ਤੇ ਧੱਬੇ ਪੈ ਗਏ ਹਨ ਤੇ ਪੈਰ ਸੁੱਜ ਗਏ ਹਨ। ਉਹ ਮਹਿੰਗੀ ਦਵਾਈ ਉਧਾਰ ਲਿਆ ਕੇ ਪਸ਼ੂ ਦਾ ਇਲਾਜ ਕਰਵਾ ਰਹੇ ਹਨ ਪਰ ਪਸ਼ੂ ਠੀਕ ਨਹੀਂ ਹੋ ਰਹੇ। ਕਿਸਾਨ ਮਲਾਗਰ ਸਿੰਘ ਨੇ ਕਿਹਾ ਕਿ ਉਨ੍ਹਾਂ ਇੱਕ ਏਕੜ ਨਰਮਾ ਚਿੱਟੀ ਮੱਖੀ ਭੇਟ ਚੜ੍ਹ ਗਿਆ। ਅੱਜ ਉਨ੍ਹਾਂ ਦੀ ਇੱਕ ਗਾਂ ਮਰ ਗਈ ਹੈ ਤੇ ਇਹ ਦੀ ਹਾਲਤ ਖ਼ਰਾਬ ਹੈ। ਪਸ਼ੂਆਂ ’ਤੇ ਦਵਾਈ ਅਤੇ ਨਰਮੇ ’ਤੇ ਕੀਟਨਾਸ਼ਕ ਅਸਰ ਹੀ ਨਹੀਂ ਕਰ ਰਹੇ। ਕਿਸਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਕੱਲ੍ਹ ਉਨ੍ਹਾਂ 66 ਹਜ਼ਾਰ ਨੂੰ ਠੇਕੇ ’ਤੇ ਲਈ ਜ਼ਮੀਨ ਵਿੱਚ ਨਰਮਾ ਵਾਹਿਆ ਸੀ ਤੇ ਅੱਜ ਉਨ੍ਹਾਂ ਦੇ ਪਸ਼ੂ ਬਿਮਾਰ ਹੋ ਗਏ। ਕਿਸਾਨ ਮੈਂਗਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗਾਂ ਦੇ ਇਲਾਜ ’ਤੇ ਸੱਤ ਹਜ਼ਾਰ ਖ਼ਰਚ ਹੋਏ ਪਰ 10 ਦਿਨਾਂ ਬਾਅਦ ਗਾਂ ਦੀ ਮੌਤ ਹੋ ਗਈ। ਪਿੰਡ ਸੂਚ ਦੇ ਕਿਸਾਨ ਮਿਸਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਗਾਵਾਂ ਦੀ ਮੌਤ ਹੋ ਗਈ ਹੈ। ਕਿਸਾਨ ਮੀਹਾਂ ਸਿੰਘ, ਹਰਦੇਵ ਸਿੰਘ ਦੇ ਵੀ ਪਸ਼ੂ ਮਰ ਚੁੱਕੇ ਹਨ। ਅਮਰਜੀਤ ਸਿੰਘ ਦੇ ਦੋ ਪਸ਼ੂ ਮਰ ਗਏ ਹਨ। ਕਿਸਾਨ ਮਲਕੀਤ ਸਿੰਘ ਦੀ ਗਾਂ ਮਰ ਗਈ ਹੈ।
ਇਸ ਸਬੰਧੀ ਬੀਕੇਯੂ ਸਿੱਧੂਪੁਰ ਦੇ ਸੂਬਾ ਆਗੂ ਕਾਕਾ ਸਿੰਘ ਕੋਟੜਾ, ਬੀਕੇਯੂ ਉਗਰਾਹਾਂ ਦੇ ਮਾਸਟਰ ਸੁਖਦੇਵ ਸਿੰਘ ਜਵੰਧਾ ਅਤੇ ਬੀਕੇਯੂ ਡਕੌਂਦਾ ਦੇ ਸੂਬਾ ਆਗੂ ਗੁਰਦੀਪ ਸਿੰਘ ਨੇ ਕਿਹਾ ਕਿ ਸਰਕਾਰ ਖ਼ਰਾਬ ਫ਼ਸਲਾਂ ਦਾ ਮੁਆਵਜ਼ਾ ਅਤੇ ਪਸ਼ੂਆਂ ਦੇ ਇਲਾਜ ਲਈ ਦਵਾਈਆਂ ਦਾ ਮੁਫ਼ਤ ਵਿਚ ਪ੍ਰਬੰਧ ਕਰੇ।
ਇਸ ਸਬੰਧੀ ਡਾਕਟਰ ਜਗਸੀਰ ਸਿੰਘ ਨੇ ਕਿਹਾ ਕਿ ਇਹ ਵਾਇਰਲ ਵਾਇਰਸ ਹੈ ਮੱਖੀ, ਮੱਛਰ ਅਤੇ ਚਿੱਚੜਾਂ ਤੋਂ ਇੱਕ ਦੂਜੇ ਪਸ਼ੂਆਂ ਨੂੰ ਹੋ ਜਾਂਦਾ ਹੈ। ਇਸ ਨਾਲ ਪਸ਼ੂ ਦੇ ਧੱਫੜ, ਬੁਖ਼ਾਰ ਹੁੰਦਾ ਤੇ ਪਸ਼ੂ ਪੱਠੇ ਖਾਣੇ ਛੱਡ ਜਾਂਦਾ ਹੈ। ਉਨ੍ਹਾਂ ਕਿ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਇਹ ਵਾਇਰਸ ਸਹੀ ਇਲਾਜ ਨਾਲ 13 ਦਿਨਾਂ ਵਿਚ ਚਲਾ ਜਾਂਦਾ ਹੈ। ਪਸ਼ੂ ਦਾ ਇਲਾਜ ਕਰਨ ਵਾਲੇ ਪਾਲਕ ਜਾਂ ਡਾਕਟਰ ਸਾਵਧਾਨੀਆਂ ਵਰਤਦੇ ਹੋਏ ਹੀ ਪਸ਼ੂ ਦਾ ਇਲਾਜ ਕਰਨ।
ਲੰਪੀ ਸਕਿਨ ਤੋਂ ਬਚਾਅ ਲਈ ਨਵੀਂ ਐਡਵਾਈਜ਼ਰੀ ਜਾਰੀ
ਮਾਨਸਾ (ਜੋਗਿੰਦਰ ਸਿੰਘ ਮਾਨ): ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਫੈਲਦੀ ਹੋਈ ਪਸ਼ੂਆਂ ਦੀ ਲੰਪੀ ਸਕਿੱਨ ਡਿਜ਼ੀਜ ਹੁਣ ਪੰਜਾਬ ਵਿੱਚ ਫੈਲਣ ਤੋਂ ਬਾਅਦ ਸਰਕਾਰ ਵੱਲੋਂ ਪਸ਼ੂ ਪਾਲਕਾਂ ਲਈ ਅੱਜ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟੋਰੇਟ ਨੇ ਰਾਜ ਦੇ ਸਮੂਹ ਜ਼ਿਲ੍ਹਾ ਡਿਪਟੀ ਡਾਇਰੈਕਟਰਾਂ ਨੂੰ ਇਸ ਸਬੰਧੀ ਇੱਕ ਪੱਤਰ ਜਾਰੀ ਕਰਦਿਆਂ ਕਿਹਾ ਕਿ ਹਰ ਜ਼ਿਲ੍ਹੇ ਵਿੱਚ ਲੋਕਾਂ ਨੂੰ ਪਿੰਡਾਂ ਵਿੱਚ ਇਕੱਠੇ ਕਰ ਕੇ ਇਸ ਬਿਮਾਰੀ ਤੋਂ ਬਚਾਅ ਲਈ ਵਿਭਾਗੀ ਸਲਾਹਾਂ ਤੁਰੰਤ ਦੇਣ ਦਾ ਉਪਰਾਲਾ ਕਰਨ। ਵਿਭਾਗ ਦੇ ਮੁਖੀ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਇਸ ਬਿਮਾਰੀ ਦੇ ਲੱਛਣ ਅਤੇ ਰੋਕਥਾਮ ਦੇ ਤਰੀਕਿਆਂ ਬਾਰੇ ਪਿੰਡਾਂ ਵਿੱਚ ਜਾ ਕੇ ਗੁਰੂ ਘਰਾਂ ਵਿੱਚ ਸਰਪੰਚਾਂ ਰਾਹੀਂ ਜਾਗਰੂਕ ਕੀਤਾ ਜਾਵੇ। ਭਾਰਤ ਸਰਕਾਰ ਦੀ ਐਡਵਾਈਜ਼ਰੀ ਤੋਂ ਜਾਣੂ ਕਰਵਾਇਆ ਜਾਵੇ। ਮਾਨਸਾ ਦੇ ਪਸ਼ੂ ਪਾਲਣ ਵਿਭਾਗ ਦੇ ਪੈਥਾਲੋਜਿਸਟ ਡਾ. ਕਮਲ ਗੁਪਤਾ ਨੇ ਦੱਸਿਆ ਕਿ ਇਸ ਐਡਵਾਈਜ਼ਰੀ ਨੂੰ ਜ਼ਿਲ੍ਹੇ ਵਿੱਚ ਲਾਗੂ ਕਰ ਦਿੱਤਾ ਗਿਆ ਹੈ। ਨਵੀਂ ਅਡਵਾਈਜ਼ਰੀ ਮੁਤਾਬਕ ਇਹ ਬਿਮਾਰੀ ਦੱਖਣ ਭਾਰਤ ਦੇ ਰਾਜਾਂ ’ਚੋਂ ਹੁੰਦੀ ਹੋਈ ਉਤਰੀ ਭਾਰਤ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਇਹ ਬਿਮਾਰੀ ਇੱਕ ਪਸ਼ੂ ਤੋਂ ਦੂਜੇ ਪਸ਼ੂ ਨੂੰ ਸੰਪਰਕ ਰਾਹੀਂ ਫੈਲਦੀ ਹੈ ਅਤੇ ਮੱਛਰ, ਮੱਖੀਆਂ ਅਤੇ ਚਿੱਚੜ ਵੀ ਇਸ ਨੂੰ ਫੈਲਾਉਣ ਵਿੱਚ ਮੱਦਦਗਾਰ ਸਮਝੇ ਜਾਂਦੇ ਹਨ। ਇਹ ਬਿਮਾਰੀ ਜ਼ਿਆਦਾਤਰ ਗਰਮ ਅਤੇ ਹੁੰਮਸ਼ ਵਾਲੇ ਮੌਸਮ ਵਿੱਚ ਹੁੰਦੀ ਹੈ। ਭਾਵੇਂ ਇਸ ਨਾਲ ਪਸ਼ੂ ਦੋ-ਤਿੰਨ ਹਫ਼ਤਿਆਂ ਬਾਅਦ ਠੀਕ ਹੋ ਜਾਂਦਾ ਹੈ, ਪਰ ਪਸ਼ੂ ਦੀ ਹਾਲਤ ਕੰਮਜ਼ੋਰ ਹੋ ਜਾਂਦੀ ਹੈ ਅਤੇ ਇੱਕ-ਅੱਧਾ ਪਸ਼ੂ ਕੰਮਜ਼ੋਰੀ ਕਾਰਨ ਮਰ ਵੀ ਜਾਂਦਾ ਹੈ। ਵੈਟਰਨਰੀ ਮੈਡੀਸਨ ਵਿਭਾਗ ਦੇ ਮੁਖੀ ਨੇ ਕਿਹਾ ਕਿ ਪਸ਼ੂ ਪਾਲਕ ਬਿਮਾਰ ਪਸ਼ੂਆਂ ਨੂੰ ਦੂਜਿਆਂ ਤੋਂ ਅਲੱਗ ਕਰ ਦੇਣ।