ਨਿੱਜੀ ਪੱਤਰ ਪ੍ਰੇਰਕ
ਝੁਨੀਰ, 13 ਫ਼ਰਵਰੀ
ਕਸਬਾ ਝੁਨੀਰ ਦੇ ਪਿੰਡ ਲਾਲਿਆਂਵਾਲੀ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਹ ਵਿਰੋਧ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋਏ ਨਰਮੇ ਦਾ ਮੁਆਵਜ਼ਾ ਨਾ ਮਿਲਣ ਕਾਰਨ ਪਿੰਡ ਵਾਸੀ ਖਾਸੇ ਪ੍ਰੇਸ਼ਾਨ ਹਨ ਅਤੇ ਇਸੇ ਰੋਸ ਵਜੋਂ ਉਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਵੱਲੋਂ ਸਾਰੀਆਂ ਪਾਰਟੀਆਂ ਆਪ, ਅਕਾਲੀ ਦਲ ਅਤੇ ਕਾਂਗਰਸੀਆਂ ਦੇ ਝੰਡੇ ਅਤੇ ਫਲੈਕਸ ਉਤਾਰੇ ਜਾ ਰਹੇ ਹਨ।
ਇਸ ਦੌਰਾਨ ਵੀਡੀਓ ਵੀ ਵਾਇਰਲ ਕਰ ਦਿੱਤੀਆਂ ਗਈਆਂ ਜਿਸ ’ਚ ਪਿੰਡ ਦੇ ਏਕੇ ਦੀ ਉਕਤ ਲੋਕਾਂ ਨੇ ਗੱਲ ਕਹੀ ਹੈ। ਉਨ੍ਹਾਂ ਕਿਹਾ ਹੈ ਕਿ ਗੁਲਾਬੀ ਸੁੰਡੀ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਅਜੇ ਤਕ ਖਾਤਿਆਂ ’ਚ ਨਹੀਂ ਪਿਆ। ਸੋਮਵਾਰ ਨੂੰ ਪੈਸੇ ਪੈਣੇ ਚਾਹੀਦੇ ਹਨ ਜੇ ਨਾ ਪਏ ਤਾਂ 20 ਫ਼ਰਵਰੀ ਨੂੰ ਸਕੂਲ ’ਚ ਜਿੰਦਰਾ ਲਗਾ ਕੇ ਕੋਈ ਵੋਟ ਪੋਲ ਨਹੀਂ ਕਰਨ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਉਹ ਸਾਰੇ ਇਕੱਠੇ ਹਨ। ਉਨ੍ਹਾਂ ਕਿਹਾ ਕਿ ਉਹ ਤਿੰਨੇ ਪਾਰਟੀਆਂ ਦੇ ਝੰਡੇ ਤੇ ਬੈਨਰ ਉਤਾਰ ਰਹੇ ਹਨ। ਗੁਰਦੁਆਰੇ ’ਚ ਵੀ ਬੋਲਿਆ ਗਿਆ ਕਿ ਪਿੰਡ ਨੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਇਹ ਫ਼ੈਸਲਾ ਲਿਆ ਹੈ। ਸਾਬਕਾ ਸਰਪੰਚ ਅਵਤਾਰ ਸਿੰਘ ਨੇ ਕਿਹਾ ਕਿ ਇਕੱਠੇ ਹੋ ਕੇ ਇਹ ਫ਼ੈਸਲਾ ਕੀਤਾ ਗਿਆ ਹੈ।