ਪਰਮਜੀਤ ਸਿੰਘ
ਫਾਜ਼ਿਲਕਾ, 22 ਨਵੰਬਰ
ਪਿੰਡ ਬਚਾਓ ਪੰਜਾਬ ਬਚਾਓ ਜਥੇਬੰਦੀ ਦਾ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਸਬੰਧੀ ਪਹਿਲੀ ਨਵੰਬਰ ਤੋਂ ਅੰਮ੍ਰਿਤਸਰ ਤੋਂ ਚੱਲਿਆ ਕਾਫਲਾ ਅੱਜ ਫਾਜ਼ਿਲਕਾ ਦੇ ਹਸਤਾ ਕਲਾਂ ਪਿੰਡ ਪਹੁੰਚਿਆ। ਕਾਫਲੇ ਦਾ ਪਿੰਡ ਹਸਤਾ ਕਲਾ ਪਹੁੰਚਣ ’ਤੇ ਪ੍ਰੀਤਮ ਸਿੰਘ ਦੀ ਅਗਵਾਈ ਹੇਠ ਸਵਾਗਤ ਕੀਤਾ ਗਿਆ। ਇਸ ਮੌਕੇ ਗਿਆਨੀ ਕੇਵਲ ਸਿੰਘ, ਦਰਸ਼ਨ ਸਿੰਘ ਧਨੇਠਾ, ਇੰਦਰਜੀਤ ਸਿੰਘ ਤੇ ਕਰਨੈਲ ਸਿੰਘ ਜਖੇਪਲ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇਸ਼ ਵਿੱਚ ਸੂਬੇ ਨੂੰ ਵੱਧ ਅਧਿਕਾਰ ਅਤੇ ਖੁਦਮੁਖਤਿਆਰੀ ਦੀ ਮੰਗ ਵਿੱਚ ਅਤੇ ਪਹਿਲਾਂ ਹੀ ਮਿਲੇ ਕੇਂਦਰ ਵੱਲੋਂ ਅਧਿਕਾਰਾਂ ਨੂੰ ਖੋਹੇ ਜਾਣ ਦੇ ਵਿਰੋਧ ਵਿੱਚ ਉਹ ਇਹ ਕਾਫਲਾ ਲੈ ਕੇ ਆਏ ਹਨ। ਇਸ ਦੌਰਾਨ ਉਨ੍ਹਾਂ ਇਸ ਕਾਰਜ ਲਈ ਲੋਕਾਂ ਦੇ ਸਾਥ ਦੀ ਮੰਗ ਕੀਤੀ। ਕਾਫਲੇ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਚੱਲ ਰਹੇ ਕਿਸਾਨ ਸੰਘਰਸ਼ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਦੱਸਣਯੋਗ ਹੈ ਕਿ ਇਹ ਕਾਫਲਾ ‘ਆਓ ਪੰਜਾਬ ਦੇ ਵਾਰਸ ਬਣੀਏ, ਜੁਆਨੀ ਦੇ ਸੁਫਨੇ ਮਰਨ ਨਾ ਦੇਈਏ’ ਦੇ ਨਾਅਰਿਆਂ ਨਾਲ ਫਾਜ਼ਿਲਕਾ ਵਿੱਚ ਖਤਮ ਹੋਇਆ। ਦੱਸਣਯੋਗ ਹੈ ਕਿ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਅਗਵਾਈ ਵਿੱਚ ਇਹ ਕਾਫਲਾ ਪੰਜਾਬ ਦੇ ਮੁੱਦਿਆਂ ਨੂੰ ਮੁਖਾਤਬਿ ਹੋਣ ਵਾਸਤੇ ਤਿੰਨ ਮਹੀਨਿਆਂ ਦੀ ਯਾਤਰਾ ’ਤੇ ਪਹਿਲੀ ਨਵੰਬਰ ਤੋਂ ਚੱਲਿਆ ਹੋਇਆ ਹੈ।