ਪੱਤਰ ਪ੍ਰੇਰਕ
ਅਜੀਤਵਾਲ, 27 ਜਨਵਰੀ
‘ਪਿੰਡ ਬਚਾਓ, ਪੰਜਾਬ ਬਚਾਓ’ ਦਾ ਕਾਫ਼ਲਾ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਦੀ ਅਗਵਾਈ ਵਿੱਚ ਪਿੰਡ ਢੁੱਡੀਕੇ ਪਹੁੰਚਿਆ। ਸਮਾਜ ਸੇਵੀਆਂ ਦਾ ਇਹ ਕਾਫ਼ਲਾ ਪੰਜਾਬ ਦੇ ਮੁੱਦਿਆਂ ਨੂੰ ਮੁਖਾਤਬ ਹੋਣ ਵਾਸਤੇ ਤਿੰਨ ਮਹੀਨਿਆਂ ਦੀ ਯਾਤਰਾ ਉੱਪਰ ਪਹਿਲੀ ਨਵੰਬਰ ਤੋਂ ਚੱਲਿਆ ਹੋਇਆ ਹੈ। ਅੱਜ ਪਿੰਡ ਢੁੱਡੀਕੇ ਵਿੱਚ ਪਹੁੰਚਣ ’ਤੇ ਮਾਸਟਰ ਗੁਰਚਰਨ ਸਿੰਘ ਦੀ ਅਗਵਾਈ ਵਿੱਚ ਸੁਆਗਤੀ ਕਮੇਟੀ ਨੇ ਜਥੇ ਦਾ ਸੁਆਗਤ ਕੀਤਾ।
ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਅੱਜ ਦੇਸ਼ ਵਿੱਚ ਸੂਬਿਆਂ ਨੂੰ ਵੱਧ ਅਧਿਕਾਰ ਅਤੇ ਖ਼ੁਦ ਮੁਖ਼ਤਾਰੀ ਦੀ ਮੰਗ ਵਿੱਚ ਅਤੇ ਪਹਿਲਾਂ ਹੀ ਮਿਲੇ ਅਧਿਕਾਰਾਂ ਨੂੰ ਖੋਹੇ ਜਾਣ ਦੇ ਵਿਰੋਧ ਵਿੱਚ ਉਹ ਇਹ ਕਾਫ਼ਲਾ ਲੈ ਕੇ ਆਏ ਹਨ। ਇਸ ਪੰਜਾਬ-ਹਿਤੈਸ਼ੀ ਕਾਰਜ ਵਿੱਚ ਉਨ੍ਹਾਂ ਸਭਨਾਂ ਦੇ ਸਾਥ ਦੀ ਮੰਗ ਕੀਤੀ। ਪੱਤਰਕਾਰ ਹਮੀਰ ਸਿੰਘ ਉਨ੍ਹਾਂ ਕਿਹਾ ਕਿ ਖੇਤੀ ਸਬੰਧੀ ਕਾਨੂੰਨਾਂ, ਬਿਜਲੀ ਦੇ ਤਜਵੀਜ਼ਤ ਕਾਨੂੰਨ ਅਤੇ ਹਵਾ ਪ੍ਰਦੂਸ਼ਣ ਨੂੰ ਰੋਕਣ ਦੀ ਓਟ ਹੇਠ ਲਿਆਂਦੇ ਆਰਡੀਨੈਂਸ ਨੇ ਸਾਰੇ ਵਰਗਾਂ ਦਾ ਰੁਜ਼ਗਾਰ ਖੋਹ ਲੈਣ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਕਾਫ਼ਲੇ ਨੇ ਕਿਸਾਨ-ਸੰਘਰਸ਼ ਨਾਲ ਇੱਕਮੁਠਤਾ ਦਾ ਪ੍ਰਗਟਾਵਾ ਕੀਤਾ।
ਕਰਨੈਲ ਸਿੰਘ ਜਖੇਪਲ ਨੇ ਕਿਹਾ ਕਿ ਗ੍ਰਾਮ ਸਭਾਵਾਂ ਅਤੇ ਵਾਰਡ ਸਭਾਵਾਂ ਸੰਵਿਧਾਨਕ ਸੰਸਥਾਵਾਂ ਹਨ। ਦਰਸ਼ਨ ਸਿੰਘ ਧਨੇਠਾ ਨੇ ਕਿਹਾ ਕਿ ਗੁਆਂਢੀ ਦੇਸ਼ਾਂ ਨਾਲ ਸਬੰਧ ਸੁਧਾਰ ਕੇ ਅਮਨ ਚੈਨ ਨਾਲ ਸਹਿਹੋਂਦ ਅਤੇ ਸਰਹੱਦਾਂ ਖੋਲ੍ਹ ਕੇ ਸੱਭਿਆਚਾਰ ਤੇ ਵਪਾਰ ਦਾ ਖੁੱਲ੍ਹਾ ਆਦਾਨ-ਪ੍ਰਦਾਨ ਕਰਨਾ ਜ਼ਰੂਰੀ ਹੈ। ਕਿਰਨਜੀਤ ਕੌਰ ਝੁਨੀਰ ਨੇ ਔਰਤਾਂ, ਦਲਿਤਾਂ ਅਤੇ ਹੋਰ ਕਮਜ਼ੋਰ ਵਰਗਾਂ ਵਿੱਚ ਚੇਤਨਾ ਫੈਲਾਉਣ ’ਤੇ ਜ਼ੋਰ ਦਿੱਤਾ।