ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 31 ਅਗਸਤ
ਪਿੰਡ ਬੁਰਜ ਸੇਮਾ ਦੇ 30 ਦੇ ਕਰੀਬ ਗਰੀਬ ਪਰਿਵਾਰਾਂ ਨੂੰ ਨੀਲੇ ਕਾਰਡਾਂ ’ਤੇ ਜਨਤਕ ਵੰਡ ਪ੍ਰਣਾਲੀ ਰਾਹੀਂ ਕਣਕ ਨਾ ਮਿਲਣ ਕਾਰਨ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਖੁਰਾਕ ਅਤੇ ਸਪਲਾਈ ਦਫ਼ਤਰ ਤਲਵੰਡੀ ਸਾਬੋ ਅੱਗੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਤੀਰਥ ਸਿੰਘ ਕੋਠਾ ਗੁਰੂ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਜਗਦੇਵ ਸਿੰਘ ਜੋਗੇਵਾਲਾ ਅਤੇ ਬਲਾਕ ਮੌੜ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਭੂੰਦੜ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਚੋਣਾਂ ਵੇਲੇ ਰਾਸ਼ਨ ਕਾਰਡਾਂ ’ਤੇ ਗਰੀਬ ਲੋਕਾਂ ਨੂੰ ਕਣਕ ਤੋਂ ਇਲਾਵਾ ਚਾਹ ਪੱਤੀ, ਘਿਉ ਤੇ ਖੰਡ ਵੀ ਦੇਣ ਵਾਅਦਾ ਕੀਤਾ ਸੀ ਪਰ ਸਰਕਾਰ ਬਣਨ ਬਾਅਦ ਵੱਡੀ ਪੱਧਰ ’ਤੇ ਪਹਿਲਾਂ ਬਣੇ ਹੋਏ ਨੀਲੇ ਕਾਰਡ ਵੀ ਕੱਟ ਦਿੱਤੇ। ਪਿੰਡ ਬੁਰਜ ਸੇਮਾ ਦੇ ਲੋੜਵੰਦ ਲੋਕਾਂ ਵੱਲੋਂ ਕਾਰਡ ਚਲਾਉਣ ਲਈ ਤਿੰਨ ਸਾਲਾਂ ਤੋਂ ਖੁਰਾਕ ਅਤੇ ਸਪਲਾਈ ਦਫ਼ਤਰ ਦੇ ਗੇੜੇ ਮਾਰੇ ਜਾ ਰਹੇ ਹਨ। ਪਿੰਡ ਦੇ 32 ਗਰੀਬ ਪਰਿਵਾਰਾਂ ਦੇ ਫਾਰਮ ਜਮ੍ਹਾਂ ਕਰਵਾਉਣ ਤੋਂ ਬਾਅਦ ਸਿਰਫ 2 ਪਰਿਵਾਰਾਂ ਨੂੰ ਕਣਕ ਦੇ ਦਿੱਤੀ। ਬਾਕੀ 30 ਪਰਿਵਾਰ ਸਰਕਾਰ ਵੱਲੋਂ ਮਿਲਦੀ ਨਿਗੂਣੀ ਕਣਕ ਤੋਂ ਹਾਲੇ ਵੀ ਵਾਂਝੇ ਹਨ। ਬੁਲਾਰਿਆਂ ਨੇ ਕਿਹਾ ਕਿ ਨੀਲੇ ਕਾਰਡਾਂ ਤੋਂ ਕਣਕ ਕੱਟਣ ਪਿੱਛੇ ਅਸਲ ਵਿੱਚ ਨਵੇਂ ਖੇਤੀ ਕਾਨੂੰਨਾਂ ਰਾਹੀਂ ਫਸਲਾਂ ਦੀ ਸਰਕਾਰੀ ਖਰੀਦ ਬੰਦ ਕਰਕੇ ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣਾ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਡੀਪੂ ਰਾਹੀਂ ਕਣਕ ਲੈਣ ਤੱਕ ਧਰਨਾ ਜਾਰੀ ਰਹੇਗਾ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਹੈ ਅਤੇ ਫੂਡ ਸਪਲਾਈ ਦਫਤਰ ਦਾ ਅਮਲਾ ਦਫਤਰ ਦੇ ਅੰਦਰ ਹੀ ਹੈ। ਇਸ ਮੌਕੇ ਬੀਕੇਯੂ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਜਸਵੀਰ ਸਿੰਘ ਬੁਰਜ ਸੇਮਾ, ਭੋਲਾ ਸਿੰਘ ਮਾੜੀ, ਕਲਕੱਤਾ ਸਿੰਘ ਮਾਣਕਖਾਨਾ, ਰਘਵੀਰ ਸਿੰਘ, ਚਰਨਜੀਤ ਸਿੰਘ ਆਗੂਆਂ ਨੇ ਸੰਬੋਧਨ ਕੀਤਾ।