ਮਨੋਜ ਸ਼ਰਮਾ
ਬਠਿੰਡਾ, 2 ਜੁਲਾਈ
ਬਠਿੰਡਾ ਦਿਹਾਤੀ ਦੇ ਪਿੰਡ ਮੀਆਂ ਦੇ ਵਸਨੀਕ ਗੁਰਬਖ਼ਸ਼ ਸਿੰਘ ਜੋ ਅਪਾਹਜ ਹੈ, ਨੇ ਫੇਸਬੁੱਕ ਸੁਨੇਹੇ ਰਾਹੀਂ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਨੂੰ ਆਪਣੀ ਸਰੀਰਕ ਤੇ ਆਰਥਿਕ ਹਾਲਤ ਬਾਰੇ ਦੱਸਿਆ ਸੀ, ਇਸ ’ਤੇ ਹਰਸਿਮਰਤ ਕੌਰ ਬਾਦਲ ਨੇ ਇਸ ਦਿਵਿਆਂਗ ਵਿਅਕਤੀ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਮਗਰੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਗੁਰਬਖ਼ਸ਼ ਸਿੰਘ ਸਰੀਰਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਦੀ ਆਰਥਿਕ ਹਾਲਤ ਵੀ ਬਹੁਤੀ ਠੀਕ ਨਹੀਂ। ਬੀਬਾ ਬਾਦਲ ਨੇ ਆਪਣੇ ਅਮਲੇ ਨੂੰ ਇੱਕ ਟ੍ਰਾਈ ਸਾਈਕਲ ਲਿਆਉਣ ਲਈ ਕਿਹਾ ਪਰ ਬਾਅਦ ਵਿੱਚ ਉਨ੍ਹਾਂ ਕਿਹਾ ਕਿ ਪੈਡਲਾਂ ਵਾਲੇ ਟ੍ਰਾਈ ਸਾਈਕਲ ਦੀ ਬਜਾਏ ਬੈਟਰੀ ਵਾਲਾ ਟ੍ਰਾਈਸਾਈਕਲ ਖਰੀਦਿਆ ਜਾਵੇ। ਅੱਜ ਇਹ ਬੈਟਰੀ ਵਾਲਾ ਟ੍ਰਾਈ ਸਾਈਕਲ ਹਰਸਿਮਰਤ ਕੌਰ ਬਾਦਲ ਨੇ ਖ਼ੁਦ ਪਿੰਡ ਬਾਦਲ ਵਿਖੇ ਉਸ ਦੇ ਹਵਾਲੇ ਕੀਤਾ। ਇਸ ਮੌਕੇ ਗੁਰਬਖ਼ਸ਼ ਸਿੰਘ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਸ ਵੱਲੋਂ ਭੇਜੇ ਸੁਨੇਹੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੁਦ ਬੈਟਰੀ ਆਪ੍ਰੇਟਿਡ ਟ੍ਰਾਈ ਸਾਈਕਲ ਉਸ ਨੂੰ ਤੋਹਫ਼ੇ ਵਜੋਂ ਦਿੱਤਾ ਹੈ। ਉਸ ਨੇ ਕਿਹਾ ਕਿ ਬੀਬਾ ਜੀ ਨੇ ਉਸ ਦੀ ਰਿੜ੍ਹਦੀ ਜ਼ਿੰਦਗੀ ਨੂੰ ਪਹੀਏ ਦੇ ਦਿੱਤੇ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਗੁਰਬਖ਼ਸ਼ ਸਿੰਘ ਦੀ ਮਦਦ ਕਰਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ।