ਪੱਤਰ ਪ੍ਰੇਰਕ
ਜੈਤੋ, 7 ਫਰਵਰੀ
ਨਗਰ ਕੌਂਸਲ ਚੋਣਾਂ ਲਈ ਇੱਥੇ 17 ਵਾਰਡਾਂ ’ਚੋਂ ਬਹੁਤਿਆਂ ਵਿੱਚ ਕਾਂਗਰਸ ਬਨਾਮ ਕਾਂਗਰਸ ਮੁਕਾਬਲਾ ਹੈ। ਕੁੱਲ 107 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਕਾਂਗਰਸ ਨੇ ਕੁੱਲ 17 ਵਾਰਡਾਂ ਵਿੱਚ, ‘ਆਪ’ ਨੇ 15, ਅਕਾਲੀ ਦਲ ਨੇ 10 ਅਤੇ ਭਾਜਪਾ ਨੇ 8 ਵਾਰਡਾਂ ’ਚ ਪਾਰਟੀ ਚੋਣ ਨਿਸ਼ਾਨ ਵਾਲੇ ਉਮੀਦਵਾਰ ਉਤਾਰੇ ਹਨ।
ਕਾਂਗਰਸ ਵੱਲੋਂ ਉਂਜ ਤਾਂ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਜੈਤੋ ਹਲਕੇ ਦੇ ਇੰਚਾਰਜ ਹਨ ਪਰ ਕਾਂਗਰਸ ਦਾ ਦੂਜਾ ਧੜਾ ਸਦੀਕ ਖੇਮੇ ਨੂੰ ਠਿੱਬੀ ਲਾਉਣ ਲਈ ਸਰਗਰਮ ਹੈ। ਪਾਰਟੀ ਟਿਕਟ ਨਾ ਮਿਲਣ ’ਤੇ ਬਾਗੀ ਹੋਏ ਕਾਂਗਰਸੀ ਉਮੀਦਵਾਰਾਂ ਨੂੰ ਅੰਦਰਖਾਤੇ ‘ਹੱਲਾਸ਼ੇਰੀ’ ਮਿਲ ਰਹੀ ਹੈ। ਚੋਣ ਲੜ ਰਹੇ ਕਾਂਗਰਸ ਦੇ ਸਥਾਪਿਤ ਚਿਹਰਿਆਂ ’ਚੋਂ ਸੱਤਪਾਲ ਡੋਡ, ਸੁਰਜੀਤ ਸਿੰਘ ਬਾਬਾ ਤੇ ਉਨ੍ਹਾਂ ਦੀ ਪਤਨੀ, ਸਾਬਕਾ ਕੌਂਸਲਰ ਵਿਕਾਸ ਕੁਮਾਰ (ਘੰਟੀ ਡੋਡ) ਚੋਣ ਦੰਗਲ ’ਚ ਸਖ਼ਤ ਮੁਕਾਬਲੇ ਦਾ ਸਾਹਮਣਾ ਕਰ ਰਹੇ ਹਨ। ‘ਆਪ’ ਵੀ ਅੰਦਰੂਨੀ ਗੁੱਟਬਾਜ਼ੀ ਦੀ ਸ਼ਿਕਾਰ ਹੈ। ਖਹਿਰਾ ਧੜੇ ’ਚ ਸ਼ਮੂਲੀਅਤ ਮਗਰੋਂ ਪਾਰਟੀ ਵੱਲੋਂ ਹਲਕੇ ਦੇ ਕਮਾਂਡਰ ਥਾਪੇ ਅਮੋਲਕ ਸਿੰਘ ਨੇ ਆਪਣੀ ਸਿਆਸੀ ਜ਼ਮੀਨ ਤਿਆਰ ਕੀਤੀ।
ਭਾਵੇਂ ਜੈਤੋ ਹਲਕੇ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਦੀ ‘ਘਰ ਵਾਪਸੀ’ ਹੋ ਗਈ ਪਰ ਹੇਠਲੀਆਂ ਸਫ਼ਾਂ ’ਚ ‘ਖਿੱਚੋਤਾਣ’ ਅਜੇ ਵੀ ਬਰਕਰਾਰ ਹੈ। ਅਕਾਲੀ-ਭਾਜਪਾ ਸਰਕਾਰ ਸਮੇਂ ਨਿਰ-ਵਿਰੋਧ ਜੇਤੂ ਰਹਿ ਕੇ 5-5 ਸਾਲ ਨਗਰ ਕੌਂਸਲ ਦੇ ਪ੍ਰਧਾਨ ਰਹੇ ਜ਼ੈਲਦਾਰ ਯਾਦਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਚੋਣਾਵੀ ਖੇਤਰ ਵਿੱਚ ਨਹੀਂ ਹਨ। ਆਪਣੀ ਸਰਕਾਰ ਵੇਲੇ 10 ਸਾਲ ਕੌਂਸਲ ਦੇ ਉਪ ਪ੍ਰਧਾਨ ਰਹੇ ਭਾਜਪਾ ਦੇ ਪ੍ਰਦੀਪ ਸਿੰਗਲਾ ਵਾਰਡ ਨੰਬਰ 14 ’ਚੋਂ ਮੁੜ ਚੋਣ ਪਿੜ ਵਿੱਚ ਹਨ।
ਪਿਛਲੀ ਕੈਪਟਨ ਸਰਕਾਰ ਵੇਲੇ ਕਾਂਗਰਸ ਪਾਰਟੀ ਦੇ ਕੌਂਸਲਰ ਰਹੇ ਦਿਨੇਸ਼ ਕੁਮਾਰ (ਲਾਲਾ ਬਰਾੜ) ਫਿਰ ਚੋਣ ਦੰਗਲ ’ਚ ਹਨ ਅਤੇ ਉਹ ਰਿਕਸ਼ਾ ਰੇਹੜੀ ’ਤੇ ਵਿਲੱਖਣ ਢੰਗ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਚੋਣ ਮੈਦਾਨ ਭਖ਼ ਚੁੱਕਾ ਹੈ ਅਤੇ ਘਰਾਂ, ਗਲੀਆਂ, ਮੁਹੱਲਿਆਂ ’ਚ ਉਮੀਦਵਾਰ ਸਮਰਥਕਾਂ ਦੀਆਂ ਭੀੜਾਂ ਨਾਲ ਵੋਟਾਂ ਮੰਗ ਰਹੇ ਹਨ।