ਪੱਤਰ ਪ੍ਰੇਰਕ
ਅਬੋਹਰ, 24 ਅਗਸਤ
ਨਗਰ ਥਾਣਾ-1 ਦੀ ਪੁਲੀਸ ਨੇ ਸੂਚਨਾ ਦੇ ਆਧਾਰ ’ਤੇ ਇਕ ਘਰ ’ਚ ਛਾਪਾ ਮਾਰ ਕੇ 40 ਪੇਟੀਆਂ ਹਰਿਆਣਾ ਮਾਰਕਾ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ, ਜਦਕਿ ਉਸ ਦੇ ਦੋ ਹੋਰ ਸਾਥੀ ਫ਼ਰਾਰ ਹੋ ਗਏ। ਪੁਲੀਸ ਨੇ ਤਿੰਨਾਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਐੱਸਆਈ ਅਮਰੀਕ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਨਾਨਕ ਨਗਰੀ ਸਥਿਤ ਇਕ ਘਰ ਵਿੱਚ ਨਾਜਾਇਜ਼ ਸ਼ਰਾਬ ਪਈ ਹੈ, ਜਿਸ ਮਗਰੋਂ ਪੁਲੀਸ ਨੇ ਨਾਨਕ ਨਗਰੀ ਸਥਿਤ ਘਰ ਵਿੱਚ ਛਾਪਾ ਮਾਰ ਕੇ 40 ਪੇਟੀਆਂ ਹਰਿਆਣਾ ਮਾਰਕਾ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ, ਜਦੋਂ ਕਿ ਉਸ ਦੇ ਦੋ ਹੋਰ ਸਾਥੀ ਫਰਾਰ ਹੋ ਗਏ। ਪੁਲੀਸ ਨੇ ਫੜੇ ਗਏ ਨੌਜਵਾਨ ਦੀ ਪਛਾਣ ਅਰੁਣ ਕੁਮਾਰ ਉਰਫ਼ ਲਾਟੂ ਪੁੱਤਰ ਮਦਨ ਲਾਲ ਵਾਸੀ ਜੰਮੂ ਬਸਤੀ ਅਤੇ ਫਰਾਰ ਮੁਲਜ਼ਮਾਂ ਦੀ ਪਛਾਣ ਹਰਨੇਕ ਸਿੰਘ ਉਰਫ਼ ਕੁਕੀ ਪੁੱਤਰ ਗੁਰਦੀਪ ਸਿੰਘ ਵਾਸੀ ਸੀਡ ਫਾਰਮ ਪੱਕਾ ਅਤੇ ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਕਾਲਾ ਸਿੰਘ ਵਾਸੀ ਸੀਡ ਫਾਰਮ ਪੱਕਾ ਵਜੋਂ ਦੱਸੀ ਹੈ।
ਸ਼ਰਾਬ ਦੀਆਂ 456 ਬੋਤਲਾਂ ਬਰਾਮਦ
ਮਹਿਲ ਕਲਾਂ (ਪੱਤਰ ਪ੍ਰੇਰਕ): ਥਾਣਾ ਠੁੱਲੀਵਾਲ ਦੇ ਐੱਸਐੱਚਓ ਗੁਰਮੇਲ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਹਰਪ੍ਰੀਤ ਸਿੰਘ ਵਾਸੀ ਸੰਧੂ ਪੱਤੀ ਬਰਨਾਲਾ ਅਤੇ ਜਸਵਿੰਦਰ ਸਿੰਘ ਵਾਸੀ ਚੁਹਾਣਕੇ ਖੁਰਦ ਨੂੰ 456 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਮਾਰਕਾ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀਐੱਸਪੀ ਗਮਦੂਰ ਸਿੰਘ ਨੇ ਦੱਸਿਆ ਕਿ ਪੁਲੀਸ ਇੱਕ ਕਾਰ ਨੂੰ ਵੀ ਕਬਜ਼ੇ ਵਿੱਚ ਲਿਆ ਹੈ।