ਜੋਗਿੰਦਰ ਸਿੰਘ ਮਾਨ
ਮਾਨਸਾ, 15 ਜੁਲਾਈ
ਸ਼ਹਿਰ ਦੀ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਪੰਜਾਬ ਸਰਕਾਰ ਨੇ 44 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਹ ਗ੍ਰਾਂਟ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਪੰਜਾਬ ਸਰਕਾਰ ਤੋਂ ਮਨਜ਼ੂਰ ਕਰਵਾ ਕੇ ਸੀਵਰੇਜ ਪ੍ਰਣਾਲੀ ਸਮੇਤ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕਰਨ ਦਾ ਤਹੱਈਆ ਕੀਤਾ ਹੈ।
ਦੂਜੇ ਪਾਸੇ, ਸ਼ਹਿਰ ਵਿਚ ਓਵਰਫਲੋਅ ਹੋਏ ਸੀਵਰੇਜ ਨੂੰ ਸਾਫ਼ ਕਰ ਕੇ ਚੱਲਦਾ ਰੱਖਣ ਲਈ ਸੁਪਰ ਸਪੈਸ਼ਲ ਮਸ਼ੀਨ ਅਤੇ ਅੰਮ੍ਰਿਤਸਰ ਤੋਂ ਪੰਜ ਸਪੈਸ਼ਲ ਸੀਵਰਮੈਨ ਬੁਲਾ ਕੇ ਮਾਨਸਾ ਦੇ ਸੀਵਰੇਜ ਦੀ ਸਫ਼ਾਈ ਕਰਵਾਉਣੀ ਆਰੰਭ ਕਰ ਦਿੱਤੀ ਗਈ ਹੈ। ਇਹ ਕੰਮ ਤ੍ਰਿਵੈਣੀ ਮੰਦਰ ਚੌਕ, ਚੁਕੇਰੀਆਂ ਰੋਡ ਆਦਿ ’ਤੇ ਚਾਲੂ ਹੋਇਆ ਹੈ।
ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰਦਿਆਂ ਉਨ੍ਹਾਂ ਵੱਲੋਂ ਚੀਫ ਸੈਕਟਰੀ ਅਤੇ ਹੋਰਨਾਂ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਤਹਿਤ ਮਾਨਸਾ ਦੇ ਸੀਵਰੇਜ ਸਿਸਟਮ ਦਾ ਸੁਧਾਰ, ਲੋੜੀਂਦੀਆਂ ਥਾਵਾਂ ’ਤੇ ਨਵਾਂ ਸੀਵਰੇਜ ਪਾਉਣ, ਸਫ਼ਾਈ ਆਦਿ ਲਈ 44 ਕਰੋੜ ਰੁਪਏ ਦੇਣ ਦੀ ਗੱਲ ਕਹੀ ਹੈ, ਜੋ ਜਲਦ ਹੀ ਰਿਲੀਜ਼ ਹੋ ਜਾਣਗੇ।
ਉਨ੍ਹਾਂ ਦੱਸਿਆ ਕਿ ਲੋੜ ਪੈਣ ’ਤੇ ਸਰਕਾਰ ਪਾਸੋਂ ਇਸ ਵਾਸਤੇ ਹੋਰ ਵੀ ਗ੍ਰਾਂਟ ਮੰਗੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮਾਨਸਾ ਲਈ ਸਪੈਸ਼ਲ ਸੁਪਰ ਸਪੈਸ਼ਲ ਮਸ਼ੀਨ ਵੀ ਮਨਜ਼ੂਰ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਸਮੱਸਿਆ ਦਾ ਮੁੱਖ ਕਾਰਨ ਲੋਕਾਂ ਵਲੋਂ ਸੀਵਰੇਜ ਹੋਲਾਂ ਵਿੱਚ ਕੂੜਾ ਕਰਕਟ, ਪਲਾਸਟਿਕ ਦੇ ਥੈਲੇ ਤੇ ਬੋਤਲਾਂ ਆਦਿ ਸੁੱਟਣਾ ਹੈ, ਜਿਸ ਕਾਰਨ ਇਹ ਸੀਵਰੇਜ ਜਾਮ ਹੋ ਗਿਆ ਅਤੇ ਸਾਰੇ ਸ਼ਹਿਰ ਅੰਦਰ ਇੱਕੋ ਸਮੇਂ ਸੀਵਰੇਜ ਜਾਮ ਹੋ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਕਰਕਟ ਅਤੇ ਪਲਾਸਟਿਕ ਦੇ ਲਿਫ਼ਾਫ਼ੇ ਆਦਿ ਸੀਵਰੇਜ ਪਾਈਪਾਂ, ਸੀਵਰੇਜ ਹੋਲਾਂ ਵਿੱਚ ਨਾ ਸੁੱਟਣ ਤੇ ਕੂੜੇ ਲਈ ਕੂੜਾਦਾਨ ਆਦਿ ਦੀ ਵਰਤੋਂ ਕੀਤੀ ਜਾਵੇ।
15 ਅਗਸਤ ਤੋਂ ਅੰਦੋਲਨ ਆਰੰਭ ਕਰਨ ਦਾ ਐਲਾਨ
ਇਸੇ ਦੌਰਾਨ ‘ਵੁਆਇਸ ਆਫ ਮਾਨਸਾ’ ਜਥੇਬੰਦੀ ਵੱਲੋਂ ਅੱਜ ਇੱਕ ਵਿਸ਼ੇਸ ਮੀਟਿੰਗ ਕ ਰਕੇ ਪੰਜਾਬ ਸਰਕਾਰ ਨੂੰ ਇੱਕ ਮਹੀਨੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਸੀਵਰੇਜ ਲਈ ਨਵੇਂ ਸਿਰਿਉਂ ਜਲਦੀ ਕੋਈ ਯੋਜਨਾਬੰਦੀ ਨਾ ਕੀਤੀ ਤਾਂ ਉਹ ਮੁੜ ਤਿੱਖੇ ਸੰਘਰਸ਼ ਦੇ ਰਾਹ ਪੈਣਗੇ। ਸੰਸਥਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਪਹਿਲੇ ਪੜਾਅ ਦੌਰਾਨ ਸ਼ਹਿਰ ਦੀਆਂ ਵਪਾਰਕ, ਸਮਾਜਿਕ, ਭਰਾਤਰੀ ਜਥੇਬੰਦੀਆਂ ਨੂੰ ਲੈ ਕੇ 15 ਅਗਸਤ ਨੂੰ ਜਿੱਥੇ ਵੀ ਮੁੱਖ ਮੰਤਰੀ ਝੰਡਾ ਲਹਿਰਾਉਣਗੇ, ਉਸ ਸਥਾਨ ’ਤੇ ਸ਼ਹਿਰੀਆਂ ਵੱਲੋਂ ਰੋਸ ਦਰਜ ਕਰਵਾਇਆ ਜਾਵੇਗਾ। ਇਸ ਮੌਕੇ ਗੁਰਮੇਲ ਸਿੰਘ ਠੇਕੇਦਾਰ ਤੇ ਪਾਰਟੀ ਵਰਕਰ ਮੌਜੂਦ ਸਨ।
ਮੁਕਤਸਰ:ਮਾੜੇ ਸੀਵਰੇਜ ਸਿਸਟਮ ਤੋਂ ਅੱਕੇ ਕੌਂਸਲਰਾਂ ਵੱਲੋਂ ਧਰਨਾ
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਪਿਛਲੇ ਕਈ ਮਹੀਨਿਆਂ ਤੋਂ ਸ਼ਹਿਰ ਦੇ ਬਾਜ਼ਾਰ ਤੇ ਗਲੀਆਂ ਸੀਵਰੇਜ ਦੇ ਪਾਣੀ ਨਾਲ ਭਰੇ ਹਨ। ਲੋਕਾਂ ਦਾ ਘਰਾਂ ’ਚ ਵੜਨਾ ਤੇ ਬਾਹਰ ਨਿਕਲਣਾ ਦੁੱਭਰ ਹੋ ਗਿਆ ਪਿਆ ਹੈ। ਲੋਕ ਕੌਂਸਲਰਾਂ ਕੋਲ ਜਾਂਦੇ ਹਨ ਤੇ ਕੌਂਸਲਰ ਅੱਗੇ ਸੁਣਵਾਈ ਨਾ ਹੋਣ ਦਾ ਕਹਿ ਦਿੰਦੇ ਹਨ। ਇਨ੍ਹਾਂ ਹਾਲਤਾਂ ’ਚ ਵੱਡੀ ਗਿਣਤੀ ਕੌਂਸਲਰਾਂ ਵੱਲੋਂ ਕੋਟਕਪੂਰਾ ਚੌਂਕ ’ਚ ਧਰਨਾ ਲਾਉਂਦਿਆਂ ਕੌਂਸਲ ਦੇ ਅਧਿਕਾਰੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ ਕਰਦਿਆਂ ਸੀਵਰੇਜ ਪ੍ਰਬੰਧ ਫੌਰੀ ਤੌਰ ’ਤੇ ਸੁਧਾਰਨ ਦੀ ਮੰਗ ਕੀਤੀ ਗਈ। ਧਰਨੇ ’ਚ ਸ਼ਾਮਲ ਕੌਂਸਲਰ ਗੁਰਪ੍ਰੀਤ ਸਿੰਘ ਬਰਾੜ, ਮਹਿੰਦਰ ਚੌਧਰੀ ਕੌਂਸਲਰ, ਦੇਸਾ ਸਿੰਘ ਡੀਸੀ, ਪਰਮਿੰਦਰ ਪਾਸ਼ਾ, ਮਿੰਟੂ ਕੰਗ, ਗੁਰਿੰਦਰ ਸਿੰਘ ਬਾਵਾ ਲਾਲੀ, ਯਾਦਵਿੰਦਰ ਸਿੰਘ ਯਾਦੂ, ਅਸ਼ੋਕ ਚੁੱਘ, ਭਾਜਪਾ ਆਗੂ ਅਨੁਰਾਗ ਰਾਹੁਲ ਸ਼ਰਮਾ, ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਪੀਏ ਵਿੱਕੀ, ਜਗਮੀਤ ਸਿੰਘ ਜੱਗਾ, ਰਾਜਬੀਰ ਸਿੰਘ ਬਿੱਟਾ ਗਿੱਲ, ਪਵਨ ਸ਼ਰਮਾ, ਗੁਰਮੀਤ ਜੀਤਾ ਤੋਂ ਇਲਾਵਾ ਵੱਡੀ ਗਿਣਤੀ ਸ਼ਹਿਰੀ ਮੌਜੂਦ ਸਨ। ਇਸ ਮੌਕੇ ਬੁਲਾਰਿਆਂ ਨੇ ਦੋਸ਼ ਲਾਇਆ ਕਿ ਸ਼ਹਿਰ ਅੰਦਰ ਸਫਾਈ ਪ੍ਰਬੰਧਾਂ ਦਾ ਬੁਰਾ ਹਾਲ ਹੈ।ਅਧਿਕਾਰੀ ਆਪਣੀ ਡਿਊਟੀ ਨਿਭਾਉਣ ’ਚ ਕਥਿਤ ਤੌਰ ’ਤੇ ਲਾਪਰਵਾਹੀ ਵਰਤ ਰਹੇ ਹਨ ਤੇ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਕੌਂਸਲਰਾਂ ਤੇ ਲੋਕਾਂ ਦਾ ਫੋਨ ਵੀ ਨਹੀਂ ਚੁੱਕਦਾ। ਉਨ੍ਹਾਂ ਸੀਵਰੇਜ ਵਿਭਾਗ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਵਿਭਾਗ ਦੇ ਦਫ਼ਤਰ ਦੇ ਬਾਹਰ ਵੀ ਧਰਨਾ ਲਾਇਆ ਜਾਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਧਰਨਾ ਸਿਰਫ਼ ਤੇ ਸਿਰਫ਼ ਨਗਰ ਕੌਂਸਲ ਅਤੇ ਸੀਵਰੇਜ ਵਿਭਾਗ ਦੇ ਖਿਲਾਫ਼ ਹੈ। ਉਨ੍ਹਾਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਅਪੀਲ ਕੀਤੀ ਕਿ ਉਕਤ ਵਿਭਾਗਾਂ ’ਚ ਡਿਊਟੀਆਂ ਨਿਭਾਅ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਖ਼ਤ ਆਦੇਸ਼ ਜਾਰੀ ਕੀਤੀ ਜਾਣ। ਧਰਨੇ ਦੇ ਅਖੀਰ ’ਤੇ ਤਹਿਸੀਲਦਾਰ ਨੁੂੰ ਮੰਗ ਪੱਤਰ ਵੀ ਸੋਂਪਿਆ ਗਿਆ। ਇਸ ਦੌਰਾਨ ਸੀਵਰੇਜ ਅਧਿਕਾਰੀਆਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਫ਼ਾਈ ਲਈ ਕਰਵਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਸ਼ਿਕਾਇਤ ਦਰਜ ਕੀਤੀ ਜਾਂਦੀ ਹੈ।