ਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 19 ਅਪਰੈਲ
ਮੁਕਤਸਰ ਨਗਰ ਕੌਂਸਲ ਵਿੱਚ ਕਾਂਗਰਸ ਦੇ ਕੁੱਲ 17 ਕੌਂਸਲਰਾਂ ਵਿੱਚੋਂ 6 ਪ੍ਰਧਾਨਗੀ ਦੇ ਦਾਅਵੇਦਾਰ ਹਨ। ਕਿਸੇ ਇਕ ਮੈਂਬਰ ’ਤੇ ਸਰਬਸੰਮਤੀ ਨਾ ਬਣਨ ਕਰਕੇ ਕਾਂਗਰਸ ਵਿੱਚ ਅੰਦਰੂਨੀ ਗੁੱਟਬਾਜ਼ੀ ਸਿਖਰਾਂ ਉੱਤੇ ਹੈ। ਪ੍ਰਧਾਨ ਦੀ ਦੌੜ ਵਿੱਚ ਕਾਂਗਰਸੀ ਕੌਂਸਲਰ ਤੇ ਸਾਬਕਾ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ, ਤੇਜਿੰਦਰ ਸਿੰਘ ਜਿੰਮੀ ਫੱਤਣਵਾਲਾ, ਸਾਬਕਾ ਪ੍ਰਧਾਨ ਗੁਰਿੰਦਰ ਸਿੰਘ ਬਾਵਾ ਕੋਕੀ, ਸ੍ਰੀਮਤੀ ਅਨਮੋਲ ਚਹਿਲ ਤੇ ਮਿੰਟੂ ਕੰਗ ਸ਼ਾਮਲ ਹਨ। ਕਾਂਗਰਸ ਦੇ ਚੋਣ ਆਬਜ਼ਰਵਰ ਸ੍ਰੀ ਗੋਇਲ ਤੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਕੌਂਸਲਰਾਂ ਦੀ ਸਲਾਹ ਜਾਣਨ ਲਈ ਉਨ੍ਹਾਂ ਨਾਲ ਬੈਠਕਾਂ ਕਰ ਚੁੱਕੇ ਹਨ, ਪਰ ਅਜੇ ਤੱਕ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ।
‘ਕੌਂਸਲ ਪ੍ਰਧਾਨ ਬੰਦ ਲਿਫਾਫੇ ’ਚੋਂ ਨਾ ਕੱਢਿਆ ਜਾਵੇ’
ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਕਿਹਾ ਕਿ ਮੁਕਤਸਰ ਦੀ ਪ੍ਰਧਾਨਗੀ ਉਸ ਨੂੰ ਹੀ ਦਿੱਤੀ ਜਾਵੇ ਜਿਸ ਨਾਲ ਜ਼ਿਆਦਾ ਕੌਂਸਲਰ ਹੋਣ ਨਾ ਕਿ ਲਿਫਾਫੇ ਵਿੱਚੋਂ ਪ੍ਰਧਾਨ ਕੱਢਿਆ ਜਾਵੇ। ਉਨ੍ਹਾਂ ਆਪਣੇ ਪਹਿਲੇ ਸਟੈਂਡ ਨੂੰ ਦੁਹਰਾਉਂਦਿਆਂ ਕਿਹਾ ਕਿ ਪ੍ਰਧਾਨਗੀ ’ਤੇ ਸਹੀ ਹੱਕ ਐੱਸਸੀ/ਬੀਸੀ ਵਰਗ ਦਾ ਹੈ ਕਿਉਂਕਿ ਇਸ ਵਰਗ ਨਾਲ ਹਮੇਸ਼ਾ ਹੀ ਧੱਕਾ ਹੁੰਦਾ ਆਇਆ ਹੈ, ਇਸ ਲਈ ਮੀਤ ਪ੍ਰਧਾਨ ਇਸ ਵਰਗ ਵਿੱਚੋਂ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਨੇ ਕੋਈ ਗਲਤ ਫੈਸਲਾ ਲਿਆ ਤਾਂ ਇਸ ਦਾ ਅਸਰ ਵਿਧਾਨ ਸਭਾ ਚੋਣਾਂ ਵਿੱਚ ਪਵੇਗਾ।