ਪੱਤਰ ਪ੍ਰੇਰਕ
ਮਾਨਸਾ, 22 ਅਕਤੂਬਰ
ਸਥਾਨਕ ਪੁਲੀਸ ਨੇ ਬਾਹਰਲੇ ਰਾਜਾਂ ਤੋਂ ਸਸਤੇ ਭਾਅ ਵਿੱਚ ਟਰੱਕ-ਟਰਾਲਿਆਂ ਰਾਹੀਂ ਜ਼ੀਰੀ ਲਿਆ ਕੇ ਫਰਜ਼ੀ ਬਿਲਿੰਗ ਕਰਕੇ ਉਸਨੂੰ ਮੰਡੀਆਂ ਵਿੱਚ ਮਹਿੰਗੇ ਭਾਅ ਵੇਚਣ ਜਾਂ ਰਾਈਸ ਮਿੱਲਾਂ ਵਿੱਚ ਅਨਲੋਡ ਕਰਨ ਵਾਲੇ 9 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਇਨ੍ਹਾਂ ਦੇ 7 ਟਰੱਕ ਟਰਾਲਿਆਂ ਨੂੰ ਵੀ ਕਬਜ਼ੇ ਵਿੱਚ ਲਿਆ ਹੈ ਜਿਨ੍ਹਾਂ ’ਚ 4947 ਗੱਟੇ ਝੋਨਾ ਸੀ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪੁਲੀਸ ਨੇ ਮੁਖਬਰੀ ਦੇ ਆਧਾਰ ‘ਤੇ 4 ਵਿਅਕਤੀਆਂ ਹਰਪਾਲ ਸਿੰਘ ਵਾਸੀ ਬਾੜਾ, ਥਾਣਾ ਰਤੀਆ (ਹਰਿਆਣਾ); ਅਵਤਾਰ ਸਿੰਘ, ਕੁਲਦੀਪ ਸਿੰਘ ਵਾਸੀ ਰਾਣੀਆ (ਹਰਿਆਣਾ) ਅਤੇ ਬਿੰਦਰ ਸਿੰਘ ਵਾਸੀ ਸਰਦੂਲਗੜ ਨੂੰ ਗ੍ਰਿਫ਼ਤਾਰ ਕਰਕੇ 4 ਟਰੱਕ ਟਰਾਲੇ ਕਬਜ਼ੇ ਵਿੱਚ ਲੈ ਕੇ 2525 ਗੱਟੇ ਜ਼ੀਰੀ ਬਰਾਮਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 1 ਟਰੱਕ ਟਰਾਲਾ ਵਿਚੋਂ 822 ਗੱਟੇ ਜੀਰੀ ਬਰਾਮਦ ਕਰਕੇ ਪ੍ਰਤਾਪ ਵਾਸੀ ਢੰਡੂਰ (ਹਰਿਆਣਾ) ਅਤੇ ਸੋਮਨਾਥ ਵਾਸੀ ਪੰਗਾਲ ਜ਼ਿਲ੍ਹਾ ਹਿਸਾਬ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ 2 ਟਰੱਕ ਟਰਾਲਿਆਂ ਤੋਂ 1600 ਗੱਟੇ ਜਾਰੀ ਬਰਾਮਦ ਕਰਕੇ 3 ਵਿਅਕਤੀਆਂ ਰੂਪ ਸਿੰਘ ਵਾਸੀ ਹਿੰਮਤਪੁਰਾ (ਮੋਗਾ), ਰਣਧੀਰਜ ਸਿੰਘ ਵਾਸੀ ਭਾਈਰੂਪਾ (ਬਠਿੰਡਾ) ਅਤੇ ਕਾਲਾ ਸਿੰਘ ਵਾਸੀ ਰਾਮਪੁਰਾ (ਬਠਿੰਡਾ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।