ਬਲਜੀਤ ਸਿੰਘ
ਸਰਦੂਲਗੜ੍ਹ, 21 ਜੁਲਾਈ
ਨਿਊ ਢੰਡਾਲ ਨਹਿਰ ’ਚ ਨਿਕਲਦੀ ਝੰਡਾ ਬ੍ਰਾਂਚ ਮਾਈਨਰ ’ਚ ਪਿੰਡ ਨਹਾਰਾ ਕੋਲ ਪਾੜ ਪੈਣ ਕਾਰਨ ਕਿਸਾਨਾਂ ਦੀ ਕਰੀਬ 70 ਏਕੜ ਤੋਂ ਜ਼ਿਆਦਾ ਫ਼ਸਲ ਦਾ ਨੁਕਸਾਨ ਹੋ ਜਾਣ ਦੀ ਸੰਭਾਵਨਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਝੰਡਾ ਬ੍ਰਾਂਚ ਮਾਈਨਰ ’ਚ ਪਿੰਡ ਨਾਹਾਰਾਂ ਤੋਂ ਮਾਨਖੇੜਾ ਵਿਚਕਾਰ ਬੂਟਾ ਸਿੰਘ ਦੇ ਖੇਤ ਕੋਲ ਤਕਰੀਬਨ ਪੰਦਰਾਂ ਫੁੱਟ ਦਾ ਪਾੜ ਪੈ ਗਿਆ ਜਿਸ ਕਾਰਨ ਨਹਿਰ ਦਾ ਪਾਣੀ ਕਰੀਬ 70 ਏਕੜ ਵਿਚ ਫੈਲ ਗਿਆ ਤੇ ਕਿਸਾਨਾਂ ਵੱਲੋਂ ਲਗਾਇਆ ਗਿਆ ਝੋਨਾ, ਨਰਮਾ ਅਤੇ ਹਰੇ-ਚਾਰੇ ਆਦਿ ਦੀ ਫਸਲ ਪਾਣੀ ਖੜ੍ਹ ਗਿਆ।
ਮੌਕੇ ’ਤੇ ਹਾਜ਼ਰ ਕਿਸਾਨ ਬੂਟਾ ਸਿੰਘ, ਜਗਜੀਤ ਸਿੰਘ, ਗੁਰਵਿੰਦਰ ਸਿੰਘ, ਹਰਵਿੰਦਰ ਸਿੰਘ, ਜਗਮੀਤ ਸਿੰਘ ਆਦਿ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਲੋੜ ਹੁੰਦੀ ਹੈ ਤਾਂ ਉਸ ਵੇਲੇ ਉਨ੍ਹਾਂ ਨੂੰ ਪੂਰਾ ਪਾਣੀ ਨਹੀਂ ਮਿਲਦਾ ਪਰ ਬਰਸਾਤ ਸਮੇਂ ਪਾਣੀ ਜ਼ਿਆਦਾ ਛੱਡ ਦਿੱਤਾ ਜਾਂਦਾ ਹੈ ਜਿਸ ਕਾਰਨ ਇਹ ਮਾਈਨਰ ਟੁੱਟ ਕੇ ਫਸਲਾਂ ਦਾ ਨੁਕਸਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਨਹਿਰ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਤੇ ਜ਼ਿਆਦਾ ਪਾਣੀ ਛੱਡਣ ਕਾਰਨ ਨਹਿਰ ’ਚ ਪਾੜ ਪਿਆ ਹੈ। ਸਬੰਧਤ ਮਹਿਕਮੇ ਦੇ ਐੱਸਡੀਓ ਗੁਣਦੀਪ ਸਿੰਘ ਨੇ ਕਿਹਾ ਉਨ੍ਹਾਂ ਪਿੱਛੋਂ ਪਾਣੀ ਬੰਦ ਕਰਵਾ ਦਿੱਤਾ ਹੈ ਅਤੇ ਬ੍ਰਾਂਚ ਵਿੱਚ ਪਿਆ ਪਾੜ ਪੂਰ ਦਿੱਤਾ ਹੈ।
ਮੀਂਹ ਕਾਰਨ ਕਮਰੇ ਦੀ ਛੱਤ ਡਿੱਗੀ; ਜਾਨੀ ਨੁਕਸਾਨ ਤੋਂ ਬਚਾਅ
ਸਰਦੂਲਗੜ੍ਹ (ਪੱਤਰ ਪ੍ਰੇਰਕ): ਪਿੰਡ ਚੋਟੀਆਂ ’ਚ ਮੀਂਹ ਕਾਰਨ ਇਕ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗ ਪਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੋਟੀਆਂ ਦੀ ਵਿਧਵਾ ਮਨਜੀਤ ਕੌਰ ਪਤਨੀ ਮਰਹੂਮ ਮੈਂਗਲ ਸਿੰਘ ਆਪਣੇ ਦੋ ਕਮਰਿਆਂ ਦੇ ਮਕਾਨ ਵਿੱਚ ਆਪਣੇ ਬੱਚਿਆਂ ਸਮੇਤ ਸਮੇਤ ਰਹਿ ਰਹੀ ਸੀ। ਅੱਜ ਸਵੇਰੇ ਪਏ ਮੀਂਹ ਕਾਰਨ ਇਕ ਕਮਰੇ ਦੀ ਛੱਤ ਡਿੱਗ ਪਈ ਪਰ ਕਮਰੇ ਵਿਚ ਪਏ ਸਾਮਾਨ ਨੂੰ ਡਿੱਗਣ ਤੋਂ ਪਹਿਲਾਂ ਬਾਹਰ ਕੱਢ ਲਿਆ ਗਿਆ ਸੀ ਜਿਸ ਕਾਰਨ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਨਜੀਤ ਕੌਰ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਕਿ ਉਹ ਆਪਣਾ ਕਮਰਾ ਫਿਰ ਤੋਂ ਬਣਾ ਸਕੇ।