ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 12 ਫ਼ਰਵਰੀ
ਫਰੀਦਕੋਟ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਲਈ ਅੱਠ ਹਜ਼ਾਰ ਤੋਂ ਵੱਧ ਵੋਟਰ ਪੋਸਟ ਬੈਲਟ ਰਾਹੀਂ ਆਪਣੀ ਵੋਟ ਪਾਉਣਗੇ। ਜ਼ਿਲ੍ਹਾ ਚੋਣ ਅਫ਼ਸਰ ਨੇ ਇੱਥੋਂ ਦੇ ਬ੍ਰਿਜਿੰਦਰਾ ਕਾਲਜ ਵਿੱਚ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਧਾਨ ਸਭਾ ਹਲਕਿਆਂ ਲਈ ਤਿੰਨ ਬੂਥ ਸਥਾਪਿਤ ਕੀਤੇ ਹਨ ਜਿੱਥੇ ਅੱਜ ਦੂਜੇ ਦਿਨ 700 ਵੋਟਾਂ ਪੋਲ ਹੋਈਆਂ। ਚੋਣਾਂ ਵਿੱਚ ਡਿਊਟੀ ਦੇਣ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਪੋਸਟ ਬੈਲਟ ਰਾਹੀਂ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 80 ਸਾਲ ਤੋਂ ਉੱਪਰ ਦੀ ਉਮਰ ਦੇ ਵੋਟਰ ਵੀ ਪੋਸਟ ਬੈਲਟ ਰਾਹੀਂ ਵੋਟ ਪਾ ਸਕਦੇ ਹਨ। 19 ਜਨਵਰੀ ਤੱਕ ਇੱਥੇ ਪੋਸਟ ਬੈਲਟ ਰਾਹੀਂ ਵੋਟਾਂ ਪੈਣਗੀਆਂ, ਜਦੋਂਕਿ ਸੁਰੱਖਿਆ ਲਈ ਤਾਇਨਾਤ ਸੈਨਿਕਾਂ ਨੂੰ ਸਰਵਿਸ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ। ਜ਼ਿਲ੍ਹਾ ਚੋਣ ਹਰਬੀਰ ਸਿੰਘ ਨੇ ਕਿਹਾ ਕਿ ਪੋਸਟ ਬੈਲਟ ਰਾਹੀਂ ਵੋਟਾਂ ਪੈਣ ਦਾ ਕੰਮ ਨਿਰਵਿਘਨ ਚੱਲ ਰਿਹਾ ਹੈ। ਇਸ ਵਾਰ ਵੋਟਾਂ ਪਾਉਣ ਵਿੱਚ ਵੋਟਰ ਡੂੰਘੀ ਦਿਲਚਸਪੀ ਦਿਖਾ ਰਿਹਾ ਹੈ। ਫ਼ਰੀਦਕੋਟ ਜ਼ਿਲ੍ਹੇ ਵਿੱਚ ਕੁੱਲ 511 ਬੂਥ ਹਨ ਜਿਨ੍ਹਾਂ ਉੱਪਰ 7000 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਇਹ ਸਾਰੇ ਮੁਲਾਜ਼ਮ ਚੋਣਾਂ ਵਾਲੇ ਦਿਨ ਤੋਂ ਪਹਿਲਾਂ ਪੋਸਟ ਬੈੱਲਟ ਰਾਹੀਂ ਆਪਣੀ ਵੋਟ ਦਾ ਭੁਗਤਾਨ ਕਰ ਸਕਦੇ ਹਨ।