ਨਿੱਜੀ ਪੱਤਰ ਪ੍ਰੇਰਕ
ਜਲਾਲਾਬਾਦ 17 ਸਤੰਬਰ
ਪਿੰਡ ਮਹਾਲਮ ਵਿੱਚ ਪੁਲੀਸ ਵੱਲੋਂ ਅੱਜ ਛਾਪਾ ਮਾਰਿਆ ਗਿਆ। ਇਸ ਮੌਕੇ ਫਾਜ਼ਿਲਕਾ ਦੇ ਐੱਸਪੀ ਹੈੱਡਕੁਆਟਰ ਮੋਹਨ ਲਾਲ, ਫਾਜ਼ਿਲਕਾ ਦੇ ਡੀਐੱਸਪੀ ਡੀ ਸੁਖਵਿੰਦਰ ਸਿੰਘ, ਜਲਾਲਾਬਾਦ ਦੇ ਡੀਐੱਸਪੀ ਅਤੁਲ ਸੋਨੀ ਅਤੇ 7 ਥਾਣਿਆਂ ਦੇ ਐੱਸਐੱਚਓਜ਼ ਸਮੇਤ ਕੁੱਲ 150 ਮੁਲਾਜ਼ਮਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ 7500 ਲਿਟਰ ਲਾਹਣ ਅਤੇ 1000 ਲਿਟਰ ਦੇਸੀ ਸ਼ਰਾਬ ਬਰਾਮਦ ਕੀਤੀ ਹੈ, ਜਦਕਿ ਇਕ ਔਰਤ ਪਰਮਜੀਤ ਕੌਰ ਉਰਫ ਪੰਮੀ ਵਾਸੀ ਮਹਾਲਮ ਨੂੰ ਵੀ ਗ੍ਰਿਫ਼ਤਾਰ ਕੀਤਾ। ਜ਼ਿਕਰਯੋਗ ਏ ਕਿ ਔਰਤ ਖਿਲਾਫ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ। ਦੱਸ ਦੇਈਏ ਕਿ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਇਹ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ। ਡੀਐੱਸਪੀ ਅਤੁਲ ਸੋਨੀ ਨੇ ਦੱਸਿਆ ਕਿ ਪੁਲਿਸ ਨੇ 7500 ਲੀਟਰ ਲਾਹਣ ਅਤੇ 1000 ਲੀਟਰ ਦੇਸੀ ਸ਼ਰਾਬ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਇੱਕ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਲੰਬੀ (ਪੱਤਰ ਪ੍ਰੇਰਕ): ਇੱਥੇ ਅੱਜ ਲੰਬੀ ਹਲਕੇ ਵਿੱਚ ਡੀ.ਐਸ.ਪੀ (ਡੀ) ਰਾਜੇਸ਼ ਸਨੇਹੀ ਅਤੇ ਥਾਣਾ ਲੰਬੀ ਦੇ ਮੁਖੀ ਮਨਿੰਦਰ ਸਿੰਘ ਦੀ ਅਗਵਾਈ ਹੇਠਾਂ ਤੱਪਾਖੇੜਾ, ਕੱਖਾਂਵਾਲੀ, ਫਤਿਹਪੁਰ ਮਨੀਆਂ, ਖੇਮਾਖੇੜਾ, ਬੀਦੋਵਾਲੀ, ਚੰਨੂ, ਮੰਡੀ ਕਿੱਲਿਆਂਵਾਲੀ ਅਤੇ ਪਿੰਡ ਕਿੱਲਿਆਂਵਾਲੀ ਵਿੱਚ ਕਈ ਦਰਜਨਾਂ ਘਰਾਂ ’ਚ ਛਾਪੇ ਮਾਰੇ ਗਏ। ਲੰਬੀ ਖੇਤਰ ਵਿੱਚ ਮੁਹਿੰਮ ਦੇ ਮੁਖੀ ਡੀਐੱਸਪੀ (ਡੀ.) ਰਾਜੇਸ਼ ਸਨੇਹੀ ਅਤੇ ਥਾਣਾ ਮੁਖੀ ਮਨਿੰਦਰ ਸਿੰਘ ਨੇ ਕਿਹਾ ਕਿ ਛਾਪੇ ਦੌਰਾਨ ਪੁਲੀਸ ਨੂੰ ਕੋਈ ਰਿਕਵਰੀ ਨਹੀਂ ਹੋਈ।
ਮਾਲਵਾ ਖੇਤਰ ਵਿੱਚ ਸਰਚ ਅਪਰੇਸ਼ਨ ਸ਼ੁਰੂ
ਮਾਨਸਾ (ਪੱਤਰ ਪ੍ਰੇਰਕ): ਮਾਲਵਾ ਖੇਤਰ ਦੇ ਹਰਿਆਣਾ ਦੀ ਹੱਦ ਨਾਲ ਲੱਗਦੇ ਜ਼ਿਲ੍ਹਿਆਂ ਮਾਨਸਾ ਸਮੇਤ ਬਠਿੰਡਾ, ਸੰਗਰੂਰ, ਫਾਜ਼ਿਲਕਾ ਸਮੇਤ ਹੋਰਨਾਂ ਵਿੱਚ ਸ਼ੱਕੀ ਥਾਵਾਂ ’ਤੇ ਅੱਜ ਪੁਲੀਸ ਨੇ ਛਾਪੇ ਮਾਰੇ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਪ੍ਰਭਾਵਿਤ ਥਾਵਾਂ ’ਤੇ 11 ਵਜੇ ਤੋਂ 5 ਵਜੇ ਤੱਕ ਤਲਾਸ਼ੀ ਲਈ ਗਈ ਅਤੇ ਇਸ ਸਰਚ ਅਪਰੇਸ਼ਨ ਦੌਰਾਨ 1 ਐੱਸ.ਪੀ, 3 ਡੀਐੱਸਪੀ, 4 ਮੁੱਖ ਅਫਸਰ ਸਮੇਤ 257 ਪੁਲੀਸ ਕਰਮਚਾਰੀਆਂ ਨੇ ਹਿੱਸਾ ਲਿਆ। ਇਸੇ ਤਰ੍ਹਾਂ ਮਾਨਸਾ ਪੁਲੀਸ ਵੱਲੋਂ ਪਹਿਲਾਂ ਵੀ ਵਿਸੇਸ਼ ਮੁਹਿੰਮ ਆਰੰਭ ਕਰਕੇ ਰੋਜਾਨਾਂ ਹੀ ਗਸ਼ਤਾ, ਨਾਕਾਬੰਦੀਆਂ ਅਤੇ ਸਰਚ ਅਪਰੇਸ਼ਨ ਚਲਾ ਕੇ ਹੌਟ ਸਪੋਟ ਥਾਵਾਂ ਦੀ ਸਰਚ ਕਰਵਾਈ ਜਾ ਰਹੀ ਹੈ।