ਪੱਤਰ ਪ੍ਰੇਰਕ
ਅਬੋਹਰ, 17 ਜੂਨ
ਰਾਮਸਰਾ ਮਾਈਨਰ ਵਿੱਚ ਅੱਜ ਸਵੇਰੇ ਕਰੀਬ ਛੇ ਵਜੇ ਅਚਾਨਕ ਪਾੜ ਪੈ ਗਿਆ। ਇਸ ਕਾਰਨ ਆਲੇ-ਦੁਆਲੇ ਦੀ ਸੈਂਕੜੇ ਏਕੜ ਜ਼ਮੀਨ ਵਿੱਚ ਪਾਣੀ ਭਰ ਗਿਆ। ਨਹਿਰ ਵਿੱਚ 80 ਫੁੱਟ ਤੱਕ ਦਾ ਪਾੜ ਪਿਆ ਹੈ, ਜਿਸ ਨੂੰ ਭਰਨ ਲਈ ਵਿਭਾਗੀ ਅਧਿਕਾਰੀ ਅਤੇ ਕਿਸਾਨ ਨਹਿਰ ਦੇ ਕੰਢੇ ਬੈਠੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਕਰੀਬ ਅੱਠ ਵਜੇ ਤੱਕ ਪਾਣੀ ਬੰਦ ਹੋਣ ਤੋਂ ਬਾਅਦ ਪਾੜ ਨੂੰ ਭਰਨ ਦਾ ਕੰਮ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇਈ ਅਕਸ਼ੇ ਸੋਨੀ ਨੇ ਦੱਸਿਆ ਕਿ ਅੱਜ ਸਵੇਰੇ 6 ਵਜੇ ਬੇਲਦਾਰ ਰਾਮ ਅਵਤਾਰ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਰਾਮਸਰਾ ਮਾਈਨਰ ਵਿੱਚ ਕਰੀਬ 80 ਫੁੱਟ ਦਾ ਪਾੜ ਪੈ ਗਿਆ ਹੈ। ਸੂਚਨਾ ਮਿਲਣ ’ਤੇ ਉਹ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਤੁਰੰਤ ਸੂਚਨਾ ਦੇ ਕੇ ਮੁਕਤਸਰ ਹੈੱਡ ਤੋਂ ਪਾਣੀ ਬੰਦ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਰਾਤ ਕਰੀਬ ਅੱਠ ਵਜੇ ਤੱਕ ਪਾਣੀ ਬੰਦ ਹੋਵੇਗਾ, ਜਿਸ ਤੋਂ ਬਾਅਦ ਮਾਈਨਰ ਨੂੰ ਭਰਨ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਸਾਨ ਵੀ ਮਾਈਨਰ ਨੂੰ ਭਰਨ ਲਈ ਮੌਕੇ ’ਤੇ ਪਹੁੰਚ ਗਏ ਹਨ ਅਤੇ ਉਨ੍ਹਾਂ ਕੋਲ ਮਿੱਟੀ ਅਤੇ ਗੱਟੇ ਤਿਆਰ ਹਨ। ਜਿਵੇਂ ਹੀ ਪਾਣੀ ਰੁਕੇਗਾ, ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਪਾੜ ਨੂੰ ਭਰਨ ਤੋਂ ਬਾਅਦ ਪਾਣੀ ਛੱਡ ਦਿੱਤਾ ਜਾਵੇਗਾ।