ਨਿੱਜੀ ਪੱਤਰ ਪ੍ਰੇਰਕ
ਮੋਗਾ, 8 ਜੁਲਾਈ
ਪੁਲੀਸ ਮੁਖੀ ਗੌਰਵ ਯਾਦਵ ਨੇ ਇਥੇ ਪਿਛਲੇ ਮਹੀਨੇ ਹੋਏ ਸਰਾਫ਼ ਕਤਲ ਕਾਂਡ ’ਚ ਸ਼ਾਮਲ ਸੂਬਾ ਬਿਹਾਰ ਨਾਲ ਸਬੰਧਤ ਗਰੋਹ ਅਤੇ ਪੁਲੀਸ ਵਰਦੀ ਵਿੱਚ ਵਪਾਰੀ ਵਰਗ ਤੋਂ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ’ਚ ਸ਼ਾਮਲ ਮੁਲਜ਼ਮਾਂ ਨੂੰ ਜੇਲ੍ਹ ’ਚ ਡੱਕਣ ਤੇ ਡਿਊਟੀ ਨਤਨਦੇਹੀ ਨਾਲ ਨਿਭਾਉਣ ਬਦਲੇ ਐੱਸਐੱਸਪੀ ਜੇ. ਐਲਨਚੇਜ਼ੀਅਨ, ਡੀਐੱਸਪੀ (ਡੀ) ਹਰਿੰਦਰ ਸਿੰਘ ਡੋਡ ਸਮੇਤ 9 ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਡੀਜੀਪੀ ਡਿਸਕ ਨਾਲ ਸਨਮਾਨਿਤ ਕੀਤਾ ਹੈ।
ਇਹ ਵੱਕਾਰੀ ਸਨਮਾਨ ਹਾਸਲ ਕਰਨ ਵਾਲਿਆਂ ਵਿੱਚ ਐੱਸਐੱਸਪੀ ਜੇ. ਐਲਨਚੇਜ਼ੀਅਨ, ਡੀਐੱਸਪੀ (ਡੀ) ਹਰਿੰਦਰ ਸਿੰਘ ਡੋਡ, ਸੀਆਈਏ ਸਟਾਫ਼ ਮਹਿਣਾ ਮੁਖੀ ਇੰਸਪੈਕਟਰ ਕਿੱਕਰ ਸਿੰਘ, ਸੀਆਈਏ ਸਟਾਫ਼ ਬਾਘਾਪੁਰਾਣਾ ਮੁਖੀ ਦਲਜੀਤ ਸਿੰਘ ਬਰਾੜ, ਥਾਣਾ ਸਿਟੀ ਦੱਖਣੀ ਮੁਖੀ ਅਮਨਦੀਪ ਕੰਬੋਜ, ਐੱਸਆਈ ਕਰਨਜੀਤ ਸਿੰਘ, ਏਐੱਸਆਈ ਗੁਰਜੀਤ ਸਿੰਘ, ਸਿਪਾਹੀ ਪੁਸਪਿੰਦਰ ਸਿੰਘ, ਦਵਿੰਦਰਪਾਲ ਸਿੰਘ ਅਤੇ ਹਰਵਿੰਦਰ ਸਿੰਘ ਸ਼ਾਮਲ ਹਨ।
ਇਥੇ ਪੁਲੀਸ ਲਾਈਨ ਵਿਖੇ ਪਰੇਡ ਦੌਰਾਨ ਇਨ੍ਹਾਂ ਸਾਰੇ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਡੀਜੀਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ। ਉਕਤ ਅਧਿਕਾਰੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਐਵਾਰਡ ਨੇ ਉਨ੍ਹਾਂ ਨੂੰ ਸਮਾਜ ਦੀ ਸੇਵਾ ਕਰਨ ਲਈ ਨਵੇਂ ਜੋਸ ਨਾਲ ਭਰ ਦਿੱਤਾ ਹੈ। ਇਨ੍ਹਾਂ ਅਧਿਕਾਰੀਆਂ ਨੇ ਡੀਜਪੀ ਗੌਰਵ ਯਾਦਵ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੋਗਾ ਪੁਲੀਸ ਦੀ ਕਾਰਗੁਜ਼ਾਰੀ ਨਾਲ ਲੋਕਾਂ ਵਿੱਚ ਪੰਜਾਬ ਪੁਲੀਸ ਪ੍ਰਤੀ ਵਿਸ਼ਵਾਸ ਵਧਿਆ ਹੈ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਜੇ. ਐਲਨਚੇਜ਼ੀਅਨ ਨੇ ਮੁਲਾਜ਼ਮਾਂ ਨੂੰ ਭਵਿੱਖ ’ਚ ਵੀ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਸਮਰਪਿਤ ਭਾਵਨਾ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਇਸ ਨਾਲ ਦੂਜੇ ਕਰਮਚਾਰੀਆਂ ਨੂੰ ਵੀ ਸੇਧ ਮਿਲੇਗੀ।