ਬੋਹਾ: ਸ਼ਹਿਰ ਵਿੱਚ ਇੱਕ ਰੇਤੇ ਬਜਰੀ ਤੇ ਸੀਮਿੰਟ ਦੀ ਦੁਕਾਨ ਦਾ ਗੱਲਾ ਤੋੜ ਕੇ ਦੋ ਮੋਟਰਸਾਈਕਲ ਸਵਾਰ 90,000 ਰੁਪਏ ਚੋਰੀ ਕਰ ਕੇ ਫ਼ਰਾਰ ਹੋ ਗਏ ਹਨ। ਜਾਣਕਾਰੀ ਅਨੁਸਾਰ ਰਤੀਆ-ਬੋਹਾ ਰੋਡ ’ਤੇ ਅਗਰਵਾਲ ਧਰਮ ਕੰਡਾ ਦੇ ਨਜ਼ਦੀਕ ਸੰਜੀਵ ਸਟੋਰ ਦਾ ਮਾਲਕ ਸੰਜੀਵ ਕੁਮਾਰ ਦੁਕਾਨ ਦੇ ਪਿਛਲੇ ਪਾਸੇ ਸਟੋਰ ਵਿੱਚੋਂ ਸੀਮਿੰਟ ਦੀਆਂ ਬੋਰੀਆਂ ਚੁਕਵਾ ਰਿਹਾ ਸੀ ਤਾਂ ਦੋ ਮੋਟਰਸਾਈਕਲ ਸਵਾਰ ਦੁਕਾਨ ਦੇ ਮੇਜ਼ ਨਾਲ ਜੁੜੇ ਦਰਾਜ ਨੂੰ ਪੁੱਟ ਕੇ ਉਸ ਵਿੱਚੋਂ ਲਗਭਗ 90,000 ਚੋਰੀ ਕਰ ਕੇ ਫ਼ਰਾਰ ਹੋ ਗਏ। ਭਾਵੇਂ ਚੋਰਾਂ ਦੀਆਂ ਫੋਟੋਆਂ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈਆਂ ਹਨ ਪਰ ਇਨ੍ਹਾਂ ਦੀ ਠੀਕ ਢੰਗ ਨਾਲ ਪਛਾਣ ਨਹੀਂ ਹੋ ਰਹੀ। ਥਾਣਾ ਬੋਹਾ ਦੇ ਮੁਖੀ ਇੰਸਪੈਕਟਰ ਪ੍ਰਵੀਨ ਸ਼ਰਮਾ ਨੇ ਕਿਹਾ ਕਿ ਇਸ ਘਟਨਾ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਸ-ਪਾਸ ਦੇ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਚੋਰਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। -ਪੱਤਰ ਪ੍ਰੇਰਕ