ਸੁੰਦਰ ਨਾਥ ਆਰੀਆ
ਅਬੋਹਰ, 1 ਦਸੰਬਰ
ਖਸਤਾ ਹਾਲ ਰਾਮਸਰਾ ਮਾਈਨਰ ਵਿੱਚ ਅੱਜ ਵਰਿਆਮ ਖੇੜਾ ਤੋਂ ਝੁਰੜਖੇੜਾ ਦੇ ਵਿਚਕਾਰ 30 ਫੁੱਟ ਦਾ ਪਾੜ ਪੈ ਗਿਆ ਜਿਸ ਕਾਰਨ ਕਰੀਬ 50 ਏਕੜ ਜ਼ਮੀਨ ਵਿਚ ਪਾਣੀ ਭਰ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਮਾਈਨਰ ਖਸਤਾ ਹਾਲ ਹੋਣ ਕਾਰਨ ਆਏ ਦਿਨ ਜਗ੍ਹਾ-ਜਗ੍ਹਾ ਤੋਂ ਟੁੱਟਣ ਕਾਰਨ ਜਿੱਥੇ ਫਸਲਾਂ ਦਾ ਨੁਕਸਾਨ ਹੁੰਦਾ ਹੈ, ਉੱਥੇ ਹੀ ਇਸ ਨਾਲ ਕਿਸਾਨਾਂ ਨੂੰ ਫਸਲਾਂ ਦੀ ਬੁਆਈ ਲਈ ਪੂਰੀ ਮਾਤਰਾ ਵਿੱਚ ਪਾਣੀ ਨਾ ਮਿਲਣ ਕਾਰਨ ਫਸਲਾਂ ਬਰਬਾਦ ਹੋ ਜਾਂਦੀਆਂ ਹਨ। ਸਭ ਤੋਂ ਵੱਧ ਮਾਰ ਗਰੀਬ ਕਿਸਾਨਾਂ ‘ਤੇ ਪੈਂਦੀ ਹੈ। ਅੱਜ ਨਹਿਰ ਟੁੱਟਣ ਮੌਕੇ ਪੁੱਜੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿੰਡ ਸ਼ੇਰਗੜ, ਝੁਰੜਖੇੜਾ ਅਤੇ ਵਰਿਆਮ ਖੇੜਾ ਦੇ ਕਿਸਾਨਾਂ, ਸਰਪੰਚ ਸੁਧੀਰ ਭਾਦੂ, ਭਰਤ ਸਿੰਘ, ਵਿਜੈ ਸਿੰਘ ਭਾਦੂ ਸ਼ੇਰਗੜ, ਪਰਨਾਮ ਸੰਧੂ, ਨਛੱਤਰ ਸਿੰਘ ਆਦਿ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਕਣਕ ਦੀ ਬਿਜਾਈ ਕਰ ਲਈ ਹੈ ਉਹ ਪਾਣੀ ਦੀ ਜ਼ਰੂਰਤ ਪੂਰੀ ਨਾ ਹੋਣ ‘ਤੇ ਮੋਘੇ ਬੰਦ ਕਰ ਦਿੰਦੇ ਹਨ। ਉਨ੍ਹਾਂ ਨੇ ਕਥਿਤ ਰੂਪ ਤੋਂ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਜ਼ਿੰਮੇਵਾਰ ਬੇਲਦਾਰ ਵੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਾ ਕਰਨ ਕਾਰਨ ਕਿਸਾਨਾਂ ‘ਤੇ ਇਹ ਸੰਕਟ ਆਇਆ ਹੈ। ਕਿਸਾਨਾਂ ਨੇ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ, ਰਾਜਨੀਤਕ ਆਗੂਆਂ ਵੱਲੋਂ ਸਿੰਚਾਈ ਮੰਤਰੀ ਨੂੰ ਇਸ ਮਾਈਨਰ ਦੇ ਖਸਤਾ ਹਾਲ ਹੋਣ ਬਾਰੇ ਜਾਣੂ ਕਰਵਾ ਚੁੱਕੇ ਹਾਂ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਛੇਤੀ ਰਾਮਸਰਾ ਮਾਈਨਰ ਦੀ ਮੁਰੰਮਤ ਨਾ ਕਰਵਾਈ ਤਾਂ ਮਜਬੂਰਨ ਉਨ੍ਹਾਂ ਨੂੰ ਧਰਨਾ ਲਗਾਉਣਾ ਪਵੇਗਾ। ਇਸ ਮੌਕੇ ‘ਤੇ ਪੁੱਜੇ ਨਹਿਰੀ ਵਿਭਾਗ ਦੇ ਉਪਮੰਡਲ ਅਧਿਕਾਰੀ ਵਿਨੋਦ ਕੁਮਾਰ ਅਤੇ ਜੇਈ ਅਕਸ਼ੈ ਕੁਮਾਰ ਨੇ ਕਿਹਾ ਕਿ ਮਾਈਨਰ ਵਿੱਚ ਪਾੜ ਪਿੱਛੇ ਤੋਂ ਮੋਘੇ ਬੰਦ ਹੋਣ ਕਾਰਨ ਨਹਿਰ ਵਿੱਚ ਪਾਣੀ ਦਾ ਲੈਵਲ ਉੱਚਾ ਉੱਠਣ ਜਾਂ ਹੋਰ ਸ਼ਰਾਰਤ ਕਾਰਨ ਪਿਆ ਹੈ। ਜਿਵੇਂ ਹੀ ਉਨ੍ਹਾਂ ਨੂੰ ਇਸ ਦਾ ਪਤਾ ਲੱਗਿਆ ਠੇਕੇਦਾਰ ਵੱਲੋਂ ਤਿੰਨ ਜੇਸੀਬੀ ਮਸ਼ੀਨਾਂ ਮੰਗਵਾ ਕੇ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ।