ਜੋਗਿੰਦਰ ਸਿੰਘ ਮਾਨ
ਮਾਨਸਾ, 19 ਸਤੰਬਰ
ਪੰਜਾਬ ਕਿਸਾਨ ਸਭਾ ਦੇ ਆਗੂ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ, ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਅਤੇ ਜਨਤਕ ਜਾਇਦਾਦਾਂ ਵੇਚੇ ਜਾਣ ਖ਼ਿਲਾਫ਼ 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ‘ਭਾਰਤ ਬੰਦ’ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਸਾਰੀਆਂ ਸ਼ਕਤੀਆਂ ਝੋਕੀਆਂ ਜਾਣ। ਇਥੇ ਸਭਾ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਅਰਸ਼ੀ ਨੇ ਖ਼ਬਰਦਾਰ ਕੀਤਾ ਕਿ ਸਰਕਾਰ ਆਪਣੀਆਂ ਏਜੰਸੀਆਂ ਰਾਹੀਂ ਦਿੱਲੀ ਦੀਆਂ ਹੱਦਾਂ ’ਤੇ ਲੱਗੇ ਕਿਸਾਨ ਧਰਨਿਆਂ ਨੂੰ ਉਖੇੜਨ ਲਈ ਕੋਝੀਆਂ ਸਾਜ਼ਿਸ਼ਾਂ ਰਚ ਰਹੀ ਹੈ, ਜਿਨ੍ਹਾਂ ਦਾ ਮੂੰਹ-ਤੋੜ ਜਵਾਬ ਦੇਣ ਲਈ ਵੱਡੀ ਗਿਣਤੀ ਵਿੱਚ ਸਰਹੱਦਾਂ ਵੱਲ ਕੂਚ ਕਰਨਾ ਚਾਹੀਦਾ ਹੈ। ਉਨ੍ਹਾਂ ਸੱਤਾਧਾਰੀ ਧਿਰ ਕਾਂਗਰਸ ’ਤੇ ਵਾਰ੍ਹਦਿਆਂ ਕਿਹਾ ਕਿ ਇਹ ਵੀ ਕਾਰਪੋਰੇਟ ਪੱਖੀ ਨੀਤੀਆਂ ਦੀ ਹਾਮੀ ਹੈ ਅਤੇ ਮਗਰਮੱਛ ਦੇ ਹੰਝੂ ਵਹਾ ਕੇ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਭਾ ਵੱਲੋਂ ਭਾਰਤ ਬੰਦ ਦੀ ਸਫਲਤਾ ਲਈ ਅੱਜ ਤੋਂ ਲਾਮਬੰਦੀ ਕੀਤੀ ਜਾਵੇਗੀ।
ਇਸ ਮੌਕੇ ਦਲਜੀਤ ਸਿੰਘ ਮਾਨਸ਼ਾਹੀਆ, ਸੀਤਾ ਰਾਮ ਗੋਬਿੰਦਪੁਰਾ, ਜਗਰਾਜ ਸਿੰਘ ਹੀਰਕੇ, ਵੇਦ ਪ੍ਰਕਾਸ਼ ਬੁਢਲਾਡਾ, ਭੁਪਿੰਦਰ ਸਿੰਘ ਗੁਰਨੇ, ਹਰਮੀਤ ਸਿੰਘ ਬੋੜਾਵਾਲ, ਮਲਕੀਤ ਸਿੰਘ ਬਖਸ਼ੀਵਾਲਾ, ਗੁਰਦਿਆਲ ਸਿੰਘ, ਹਰਪਾਲ ਸਿੰਘ, ਹਰਨੇਕ ਢਿੱਲੋਂ, ਕੇਵਲ ਸਿੰਘ, ਗੋਰਾ ਸਿੰਘ ਟਾਹਲੀਆਂ, ਜੱਗਾ ਸਿੰਘ ਟਾਹਲੀਆਂ ਨੇ ਵੀ ਸੰਬੋਧਨ ਕੀਤਾ।