ਨਿੱਜੀ ਪੱਤਰ ਪ੍ਰੇਰਕ
ਮੋਗਾ, 22 ਜੂਨ
ਥਾਣਾ ਬਾਘਾਪੁਰਾਣਾ ਦੇ ਪਿੰਡ ਸਮਾਧ ਭਾਈ-ਫੂਲੇਵਾਲਾ ਲਿੰਕ ਸੜਕ ਉੱਤੇ ਇਕ ਪੰਚਾਇਤ ਸਕੱਤਰ ਦੀ ਚਲਦੀ ਆਈ-20 ਕਾਰ ਨੂੰ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਦੇ ਭਾਂਬੜ ਨਿਕਲਣੇ ਸ਼ੁਰੂ ਹੋ ਗਏ। ਇਹ ਘਟਨਾ ਸ਼ੁੱਕਰਵਾਰ ਦੀ ਹੈ ਜਿਸ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਪੰਚਾਇਤ ਸਕੱਤਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਬਾਘਾਪੁਰਾਣਾ ਬਲਾਕ ਵਿੱਚ ਤਾਇਨਾਤ ਹੈ। ਉਹ ਪਿੰਡ ਸਮਾਧਭਾਈ ਤੋਂ ਫੂਲੇਵਾਲਾ ਲਿੰਕ ਸੜਕ ਉੱਤੇ ਜਾ ਰਿਹਾ ਸੀ। ਅਚਾਨਕ ਉਸ ਦੀ ਆਈ-20 ਕਾਰ ਵਿਚੋਂ ਧੂੰਆਂ ਨਿਕਲਿਆ ਅਤੇ ਉਸ ਨੇ ਸਥਿਤੀ ਨੂੰ ਸਮਝਦਿਆਂ ਕਾਰ ਰੋਕ ਦਿੱਤੀ। ਦੇਖਦੇ ਹੀ ਦੇਖਦੇ ਕਾਰ ਵਿੱਚੋਂ ਅੱਗ ਦੇ ਭਾਂਬੜ ਨਿਕਲਣ ਲੱਗੇ। ਉਸ ਨੇ ਬਾਹਰ ਨਿਕਲ ਕੇ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਕਾਰ ਨੂੰ ਲੱਗੀ ਅੱਗ ਇੰਨੀ ਭਿਆਨਕ ਸੀ ਕਿ ਸੜਕ ਕਿਨਾਰੇ ਦਰਖ਼ਤਾਂ ਤੇ ਘਾਹ ਫੂਸ ਨੂੰ ਵੀ ਲੱਗ ਗਈ। ਇਸ ਦੌਰਾਨ ਫ਼ਾਇਰ ਬ੍ਰਿਗੇਡ ਅਮਲਾ ਵੀ ਮੌਕੇ ਉੱਤੇ ਪੁੱਜ ਗਿਆ ਅਤੇ ਅੱਗ ਉੱਤੇ ਕਾਬੂ ਪਾਇਆ ਪਰ ਇਸ ਸਮੇਂ ਕਾਰ ਸੜਕ ਕੇ ਸੁਆਹ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਕਾਰ ਵਿਚ ਪਿੰਡ ਘੋਲੀਆ ਤੇ ਫੂਲੇਵਾਲਾ ਪੰਚਾਇਤਾਂ ਦਾ ਰਿਕਾਰਡ, ਚੈੱਕਬੁੱਕ ਤੇ ਚੋਣ ਸਮਗਰੀ ਆਦਿ ਵੀ ਸੜਕੇ ਸੁਆਹ ਹੋ ਗਿਆ ਹੈ। ਅੱਗ ਲੱਗਣ ਦਾ ਕਾਰਨ ਸਪੱਸਟ ਨਹੀਂ ਹੋ ਸਕਿਆ।