ਪੱਤਰ ਪ੍ਰੇਰਕ
ਗੁਰੂ ਹਰ ਸਹਾਏ, 10 ਜੁਲਾਈ
ਸਥਾਨਕ ਪੁਲੀਸ ਨੇ 1 ਕਰੋੜ 30 ਲੱਖ ਰੁਪਏ ਦੇ ਕਰਜ਼ ਦਾ ਨਾਜਾਇਜ਼ ਲਾਭ ਲੈਣ ’ਤੇ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਿੰਡ ਸ਼ਰੀਂਹ ਵਾਲਾ ਬਰਾੜ ਦੇ ਵਾਸੀ ਹਰਜਿੰਦਰ ਸਿੰਘ ਦੀ ਦਰਖ਼ਾਸਤ ’ਤੇ ਪੁਲੀਸ ਨੇ ਪੜਤਾਲ ਕਰਨ ਉਪਰੰਤ ਦੱਸਿਆ ਕਿ ਬੈਂਕ ਕਰਮਚਾਰੀ, ਮਾਲ ਵਿਭਾਗ ਦੇ ਕਰਮਚਾਰੀ ਦੀ ਮਿਲੀਭੁਗਤ ਨਾਲ ਸ਼ਾਮ ਸੁੰਦਰ ਵੱਲੋਂ ਨਾਜਾਇਜ਼ ਲਾਭ ਲੈਣ ਦੀ ਖਾਤਰ ਆਪਣੇ ਪਰਿਵਾਰ ਦੇ ਨਾਂ ’ਤੇ 1 ਕਰੋੜ 30 ਲੱਖ ਰੁਪਏ ਦਾ ਕਰਜ਼ ਹਾਸਲ ਕਰ ਲਿਆ। ਪੜਤਾਲ ਮਗਰੋਂ ਸ਼ਾਮ ਸੁੰਦਰ, ਕਮਲੇਸ਼ ਰਾਣੀ ਪਤਨੀ ਸ਼ਾਮ ਸੁੰਦਰ, ਰਿੰਪੀ ਰਾਣੀ, ਜਸਪ੍ਰੀਤ ਕੌਰ ਵਾਸੀ ਮਾਡਲ ਟਾਊਨ ਗੁਰੂ ਹਰ ਸਹਾਏ ਸਮੇਤ ਐੱਚਡੀਐੱਫਸੀ ਬੈਂਕ ਗੁਰੂ ਹਰ ਸਹਾਏ ਦੇ ਮੈਨੇਜਰ ਮੁਨੀਸ਼ ਕੁਮਾਰ ਅਤੇ ਐੱਚਡੀਐੱਫਸੀ ਬੈਂਕ ਦੇ ਫੀਲਡ ਅਧਿਕਾਰੀ ਗੁਰਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਦੱਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਸ਼ਾਮ ਸੁੰਦਰ ਵਲੋਂ ਉਸ ਤੇ ਉਸ ਦੇ ਪਰਿਵਾਰ ’ਤੇ ਪਹਿਲਾਂ ਝੂਠਾ ਕੇਸ ਦਰਜ ਕਰਵਾਇਆ। ਮਗਰੋਂ ਜ਼ਮੀਨ ਦੀ ਗਿਰਦਾਵਰੀ ਉਸ ਦੇ ਨਾਂ ਹੋਣ ਦੇ ਬਾਵਜੂਦ ਸ਼ਾਮ ਸੁੰਦਰ ਤੇ ਹੋਰਾਂ ਨੇ ਇਕ ਕਰੋੜ 30 ਲੱਖ ਰੁਪਏ ਦਾ ਕਰਜ਼ ਹਾਸਲ ਕਰ ਲਿਆ। ਹਰਜਿੰਦਰ ਸਿੰਘ ਨੇ ਮੰਗ ਕੀਤੀ ਕਿ ਸਾਰੇ ਮੁਲਜ਼ਮਾਂ ਨੂੰ ਤੁਰੰਤ ਗਿਰਫ਼ਤਾਰ ਕੀਤਾ ਜਾਵੇ। ਉਧਰ, ਗੁਰੂ ਹਰ ਸਹਾਏ ਦੇ ਥਾਣਾ ਮੁਖੀ ਨੇ ਦੱਸਿਆ ਕਿ ਦਰਖ਼ਾਸਤ ਦੀ ਜਾਂਚ ਪੜਤਾਲ ਉਪਰੰਤ ਕੇਸ ਦਰਜ ਕੀਤਾ ਗਿਆ ਹੈ।