ਪੱਤਰ ਪ੍ਰੇਰਕ
ਮਾਨਸਾ, 17 ਜੂਨ
ਸਰਕਾਰੀ ਸੈਕੰਡਰੀ ਸਕੂਲ ਦਲੇਲ ਸਿੰਘ ਵਾਲਾ ਵਿੱਚ ਸੇਵਾਦਾਰ ਵਜੋਂ ਡਿਊਟੀ ਕਰ ਰਿਹਾ ਪਿੰਡ ਚੁਕੇਰੀਆਂ ਦੇ ਸੋਹਣ ਸਿੰਘ ਉਪਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪੀੜਤ ਵਿਅਕਤੀ ਦੀ ਸ਼ਿਕਾਇਤ ’ਤੇ ਪੁਲੀਸ ਨੇ 5 ਜਣਿਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਪੁਲੀਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ। ਮਾਨਸਾ ਪੁਲੀਸ ਤੋਂ ਮਿਲੇ ਵੇਰਵਿਆਂ ਅਨੁਸਾਰ ਮਾਨਸਾ ਨੇੜਲੇ ਪਿੰਡ ਚੁਕੇਰੀਆਂ ਵਿੱਚ ਹਮਲੇ ਦਾ ਸ਼ਿਕਾਰ ਹੋਏ ਸੋਹਣ ਸਿੰਘ ਨੇ ਪੁਲੀਸ ਚੌਕੀ ਚੁਕੇਰੀਆਂ ਦੇ ਅਧਿਕਾਰੀਆਂ ਨੂੰ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਘਰ ਪਰਿਵਾਰ ’ਚ ਸ਼ਾਮ ਨੂੰ ਬੈਠਾ ਸੀ ਕਿ ਅਚਾਨਕ ਉਸਦੇ ਘਰ ਅੱਗੇ ਆ ਕੇ ਕੁੱਝ ਲੋਕ ਗਾਲੀ-ਗਲੋਚ ਕਰਨ ਲੱਗੇ, ਜਿਸ ਤੋਂ ਬਾਅਦ ਉਹ ਜਦੋਂ ਘਰੋਂ ਬਾਹਰ ਨਿਕਲਿਆ ਤਾਂ ਉਸ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਪੁਲੀਸ ਨੂੰ ਦੱਸਿਆ ਕਿ ਪ੍ਰਦੀਪ ਸਿੰਘ ਨਾਂ ਦੇ ਇੱਕ ਨੌਜਵਾਨ ਨੇ ਉਸ ’ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਅਤੇ ਉਹ ਜਖ਼ਮੀ ਹੋ ਕੇ ਜ਼ਮੀਨ ’ਤੇ ਡਿੱਗ ਪਿਆ। ਉਸ ਨੂੰ ਬਚਾਉਣ ਲਈ ਉਸ ਦਾ ਲੜਕਾ ਰਾਮ ਸਿੰਘ ਬਾਹਰ ਆਇਆ ਤਾਂ ਇੱਕ ਹੋਰ ਮੁਲਜ਼ਮ ਕੁਲਦੀਪ ਸਿੰਘ ਨੇ ਉਸਦੇ ਸਿਰ ’ਤੇ ਜ਼ੋਰਦਾਰ ਸੱਟ ਮਾਰੀ ਅਤੇ ਉਹ ਵੀ ਜਖ਼ਮੀ ਹੋ ਗਿਆ। ਉਨ੍ਹਾਂ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ਮਾਨਸਾ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਪੁਲੀਸ ਵੱਲੋਂ ਜਖ਼ਮੀ ਹਾਲਤ ’ਚ ਸੋਹਣ ਸਿੰਘ ਦੇ ਬਿਆਨ ਲਏ ਗਏ। ਪੁਲੀਸ ਵੱਲੋਂ ਮਿਲੀ ਸੂਚਨਾ ਅਨੁਸਾਰ ਥਾਣਾ ਸਦਰ ਮਾਨਸਾ ਦੇ ਏਐਸਆਈ ਭੋਲਾ ਸਿੰਘ ਨੇ ਸੋਹਣ ਸਿੰਘ ਦੇ ਬਿਆਨ ਦਰਜ ਕਰਨ ਤੋਂ ਬਾਅਦ ਪ੍ਰਦੀਪ ਸਿੰਘ, ਕੁਲਦੀਪ ਸਿੰਘ, ਕਾਲੂ ਸਿੰਘ, ਨਵੀ ਸਿੰਘ, ਦਾਰੀ ਸਿੰਘ ਵਾਸੀ ਪਿੰਡ ਚੁਕੇਰੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।